16 September, 2021

ਪੂਰਵੀ ਲਿਖਿਆ ਮਸਤਕਿ ਲਿਖਿਆ ਜਾਂ ਲੇਖ ਲਿਖਣਾ ਕੀ ਹੈ? What is Purvi Likhiya or Lekh likhna in Gurbani?

Logical Reasoning, GurParsad, Gurmat, SatGur
ਪੂਰਵੀ ਲਿਖਿਆ ਮਸਤਕਿ ਲਿਖਿਆ ਜਾਂ ਲੇਖ ਲਿਖਣਾ ਕੀ ਹੈ? What is Purvi Likhiya or Lekh likhna in Gurbani?

ਕਦੇ ਉਹਨਾਂ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜੋ ਗੁਰਬਾਣੀ ਵਿਚ ਵਾਰ ਵਾਰ ਆ ਰਹੇ ਹਨ? ਜਾਂ ਫਿਰ ਗੁਰਬਾਣੀ ਪੜ੍ਹਨ ਤੱਕ ਹੀ ਸੀਮਿਤ ਕੀਤੀ ਹੋਈ ਹੈ ਜਿਵੇਂ ਤੇਗ ਬਹਾਦਰ ਜੀ ਦੇ ਆਖੇ ਅਨੁਸਾਰ ਬੱਸ ਪੜ੍ਹ ਕੇ ਢਿੱਡ ਭਰ ਲਿਆ ਜਿਵੇ ਪਸ਼ੂ ਭਰਦੇ ਹੁੰਦੇ ਜਿਹਨਾਂ ਨੂੰ ਸਵਾਦ ਜਾਂ ਕੱਚੇ ਪੱਕੇ ਤੱਕ ਕੋਈ ਮਤਲਬ ਨਹੀਂ, ਬਸ ਢਿੱਡ ਭਰਨਾ ਹੁੰਦਾ। 
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥ (685)
ਜੇ ਪੜ੍ਹ ਕੇ ਸੁਨਣ ਜਾਂ ਜਾਨਣ ਦੀ ਕੋਸ਼ਿਸ਼ ਕਰੀਏ ਤਾਂ ਪਤਾ ਲੱਗ ਵੀ ਜਾਂਦਾ, ਸਤਿਗੁਰ ਆਪ ਹੀ ਰਾਹ ਬਣਾ ਦਿੰਦਾ। ਗੁਰਬਾਣੀ ਵਿਚ ਵਾਰ-ਵਾਰ ਆ ਰਿਹਾ "ਪੂਰਵੀ ਲਿਖਿਆ, ਮਸਤਕਿ ਲਿਖਿਆ ਅਤੇ ਲੇਖ ਲਿਖਿਆ" ਜੋ ਕਦੇ ਮਿਟਦਾ ਨਹੀਂ। ਇਸ ਲੇਖ ਚ ਇਹ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕੀ ਹੁੰਦਾ। 

ਜੋ ਕੰਮ ਅਸੀਂ ਹਰ ਰੋਜ਼ ਦਿਨ ਭਰ ਕਰਦੇ ਹਾਂ ਅਤੇ ਸਿੱਖਦੇ ਰਹਿੰਦੇ ਹਾਂ ਉਹ ਗਿਆਨ ਇਕੱਠਾ ਕਰਦੇ ਰਹਿੰਦੇ ਹਨ। ਉਹ ਚਾਹੇ ਕਿਸ ਸੰਬੰਧੀ ਵੀ ਹੋਵੇ ਕੋਈ ਵੀ ਕਿੱਤਾ ਹੋਵੇ ਬੱਸ ਕੰਮ ਨੂੰ ਕਰਨ ਦਾ ਗਿਆਨ ਸਾਡੇ ਕੋਲ ਇਕੱਠਾ ਹੁੰਦਾ ਰਹਿੰਦਾ ਹੈ। ਉਦਾਹਰਣ ਦੇ ਤੌਰ ਤੇ ਕਿਸੇ ਕਾਰ ਠੀਕ ਕਰਨ ਵਾਲੇ ਮਿਸਤਰੀ ਨੇ ਕਿੰਨੇ ਹੀ ਸਾਲ ਲਾ ਕੇ ਉਹ ਕੰਮ ਸਿਖਿਆ ਉਸਦਾ ਗਿਆਨ ਇਕੱਠਾ ਕੀਤਾ। ਉਹ ਜਿੰਨੇ ਸਾਲ ਲਾ ਕੇ ਉਸਨੇ ਕੰਮ ਸਿਖਿਆ ਉਹ ਉਸਨੇ ਪੂਰਵੀ ਲਿਖਿਆ ਜਾਂ ਮਸਤਕਿ ਲਿਖਿਆ ਤਾਂ ਕਿਤੇ ਜਾ ਕੇ ਉਹ ਮਿਸਤਰੀ ਬਣਿਆ। 

ਹੁਣ ਗੁਰਬਾਣੀ ਦੀ ਸਿਖਿਆ ਇਸਤੋਂ ਅੱਗੇ ਸ਼ੁਰੂ ਹੁੰਦੀ ਹੈ। ਗੁਰਬਾਣੀ ਇਹ ਨਹੀਂ ਕਹਿੰਦੀ ਕਿ ਕੋਈ ਕਿੱਤਾ ਨਾ ਸਿੱਖੋ, ਬਸ ਇਹ ਦੱਸਦੀ ਕਿ ਅੱਗੇ ਲਾਲਚ ਵਿਚ ਪੈ ਕੇ ਹੋਰ ਵੱਡੇ ਹੋਣ ਦੀ ਜਾਂ ਹੋਰ ਅਮੀਰ ਹੋਣ ਦੀ ਕੁੱਤਾ ਦੌੜ ਵਿਚ ਨਾ ਪਓ ਕਿਉਕਿ ਜੇ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਵੀ ਬਣ ਗਏ ਮਰਨਾ ਤਾਂ ਤੁਸੀਂ ਤਾਂ ਵੀ ਹੈ, ਅਤੇ ਐਨੇ ਅਮੀਰ ਹੋ ਕੇ ਵੀ ਜੇ ਤੁਹਾਡੇ ਕੋਲ ਤੁਹਾਡੇ ਮੂਲ ਦਾ ਗਿਆਨ ਨਹੀਂ ਹੈ, ਸੱਚ ਦਾ ਗਿਆਨ ਨਹੀਂ ਹੈ ਤਾਂ ਤੁਹਾਡਾ ਜੀਵਨ ਖਰਾਬ ਹੋ ਚੁੱਕਿਆ ਹੈ, ਤੁਸੀਂ ਉਹ ਕੰਮ ਨਹੀਂ ਕੀਤਾ ਜਿਸ ਲਈ ਤੁਹਾਡਾ ਜਨਮ ਹੋਇਆ ਸੀ। ਤੁਹਾਡੀ ਕੋਈ ਕੀਮਤ ਨਹੀਂ ਕੋਈ ਕਦਰ ਨਹੀਂ, ਉਹ ਸਾਰਾ ਕਮਾਇਆ ਪੈਸੇ ਇਥੇ ਹੀ ਰਹਿ ਜਾਣਾ ਦੂਜੇ ਲੋਕਾਂ ਨੇ ਵਰਤਣਾ। ਇਹੀ ਗੱਲ ਜਪੁਜੀ ਸਾਹਿਬ ਦੀ ਇੱਕ ਪਉੜੀ "ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥" ਵਿਚ ਕੀਤੀ ਹੋਈ ਹੈ। ਬੱਸ ਘਰ ਚਲਾਉਣ ਜੋਗਾ ਤੱਕ ਕਮਾਈ ਸੀਮਿਤ ਰੱਖ ਕੇ ਸੱਚ ਦਾ ਗਿਆਨ ਇਕੱਠਾ ਕਰੋ ਆਪਣੇ ਮੂਲ ਦਾ, ਆਪਣੇ ਪ੍ਰਭ ਦਾ। ਜਿਸ ਤਰਾਂ ਕਬੀਰ ਜੀ ਨੇ ਖੱਡੀ ਵੀ ਬੁਣੀ ਤੇ ਸੱਚ ਇਕੱਠਾ ਕਰ ਕੇ ਲੋਕਾਂ ਨੂੰ ਵੀ ਦੱਸਿਆ, ਰਵਿਦਾਸ ਜੀ ਨੇ ਜੁੱਤੀਆਂ ਗੰਢੀਆਂ, ਨਾਮਦੇਵ ਜੀ ਨੇ ਕੱਪੜੇ ਸਿਉਂਤੇ, ਸਦਨਾ ਜੀ ਨੇ ਕਸਾਈ (Butcher) ਦਾ ਕੰਮ ਕੀਤਾ ਅਤੇ ਨਾਨਕ ਜੀ ਨੇ ਖੇਤੀ ਕੀਤੀ। 

ਜਿਸ ਤਰਾਂ ਕਾਰ ਠੀਕ ਕਰਨ ਵਾਲੇ ਮਿਸਤਰੀ ਨੇ ਐਨੇ ਸਾਲ ਲਾ ਕੇ ਕੰਮ ਸਿਖਿਆ ਪੂਰਵੀ ਲਿਖਿਆ ਜਾਂ ਲੇਖਾ ਲਿਖਿਆ ਠੀਕ ਉਸੇ ਤਰਾਂ ਸੱਚ ਦੇ ਗਿਆਨ ਦਾ ਲੇਖਾ ਲਿਖਣਾ ਹੈ ਪੂਰਵੀ ਲਿਖਣਾ ਹੈ ਕਈ ਸਾਲ, ਸੱਚ ਦਾ ਗਿਆਨ ਹਾਸਲ ਕਰਨ ਲਈ ਗੁਰਬਾਣੀ ਪੜ੍ਹਨੀ ਹੈ ਵਿਚਾਰਨੀ ਹੈ ਨਾ ਕਿ ਢਿੱਡ ਭਰਨ ਲਈ। ਗੁਰਬਾਣੀ ਵੀ ਜੋ ਉਪਦੇਸ਼ ਦਿੱਤਾ ਗਿਆ ਉਸਤੇ ਅਮਲ ਕਰਨਾ ਹੈ। ਪਹਿਲਾਂ ਸੱਚ ਦਾ ਗਿਆਨ ਲੈਣ ਲਈ ਵੇਦ ਪੜ੍ਹਨੇ ਪੈਦੇ ਸੀ। ਵੇਦਾਂ ਦੇ ਲੱਖਾਂ ਸਲੋਕ ਪੜ੍ਹ ਕੇ ਖੋਜ ਕੇ ਉਸ ਵਿੱਚੋ ਕੁਝ ਹਜਾਰ ਕੁ ਸਲੋਕ ਸੱਚ ਦੇ ਗਿਆਨ ਦੇ ਲੱਭ ਕੇ ਗਿਆਨ ਇਕੱਠਾ ਕਰਨਾ ਪੈਦਾ ਸੀ (ਵੇਦਾਂ ਵਿਚ ਹਰ ਕਿਸਮ ਦਾ ਗਿਆਨ Mix ਹੈ ਜੀਵਨ ਦੀਆਂ ਹੋਰ ਸਿਆਣੀਆਂ ਗੱਲਾਂ, ਧਰਮ ਅਤੇ ਸਿਹਤ ਬਿਮਾਰੀਆਂ ਦਾ ਗਿਆਨ ਵੀ) ਪਰ ਅਰਜਨ ਦੇਵ ਜੀ ਨੇ ਸਾਰੇ ਭਗਤਾਂ ਦੀ ਗੁਰਬਾਣੀ ਨੂੰ (ਸੱਚ ਦੇ ਗਿਆਨ ਨੂੰ) ਇੱਕ ਪੋਥੀ ਵਿਚ ਹੀ ਇਕੱਠਾ ਕਰਕੇ ਦੇ ਦਿੱਤਾ, ਐਵੇ ਸਮਝੋ ਕਿ ਭੋਜਨ ਥਾਲ ਵਿਚ ਪਰੋਸ ਕੇ ਦੇ ਦਿੱਤਾ ਬੱਸ ਅਸੀਂ ਖਾ ਕੇ ਪਚਾਉਣਾ ਹੀ ਹੈ। ਜਿਸਨੇ ਇਸ ਥਾਲ ਦੀ ਵਸਤੂ ਨੂੰ ਖਾ ਕੇ ਪਚਾ ਲਿਆ ਉਸਦਾ ਉਧਾਰ ਹੋ ਜਾਵੇਗਾ। ਇਸੇ ਕਰਕੇ ਗਰੰਥ ਸਾਹਿਬ ਦੇ ਬਿਲਕੁਲ ਅਖੀਰ ਵਿਚ 'ਮੁਧਵਨੀ ਦੀ ਵਾਰ' ਲਿਖੀ ਉਸ ਵਿਚ ਇਹੀ ਗੱਲ ਕੀਤੀ ਹੋਈ। ਸ਼ਾਇਦ ਹੁਣ ਸਮਝ ਆ ਜਾਵੇ ਉਸਦਾ ਕੀ ਮਤਲਬ। 
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥

ਇਸੇ ਤਰਾਂ ਜੇ ਸੱਚ ਦਾ ਗਿਆਨ ਇਕੱਠਾ ਕਰਦੇ ਰਹਾਂਗੇ ਤਾ ਇਕ ਦਿਨ ਸੱਚ ਦੇ ਗਿਆਨ ਦੇ ਮਿਸਤਰੀ ਬਣ ਜਾਵਾਂਗੇ ਮਤਲਬ ਭਗਤ ਬਣ ਜਾਵਾਂਗੇ। ਇਹੀ ਸਾਡੇ ਮਨੁੱਖਾ ਜੀਵਨ ਦਾ ਮਨੋਰਥ ਹੈ। ਜੇ ਇਸ ਕੰਮ ਨੂੰ ਨਹੀਂ ਕਰ ਰਹੇ ਤੇ ਕੇਵਲ ਸੰਸਾਰਿਕ ਕਿੱਤੇ ਅਪਣਾ ਕੇ ਪੈਸੇ ਇਕੱਠੇ ਕਰ ਰਹੇ ਹਾਂ ਤੇ ਪਰਿਵਾਰ ਅਤੇ ਬੱਚੇ ਪਾਲ਼ ਰਹੇ ਹਾਂ ਤਾਂ ਗੁਰਬਾਣੀ ਵਿਚ ਹੀ ਇਸ ਤਰਾਂ ਦੇ ਇਨਸਾਨ ਨੂੰ ਪਸ਼ੂ ਕਿਹਾ ਗਿਆ ਹੈ ਕਿਉਕਿ ਬੱਚੇ ਤਾਂ ਪਸ਼ੂ ਪੰਛੀ ਵੀ ਪਾਲ਼ ਲੈਂਦੇ ਆ ਅਤੇ ਸਾਡਾ ਮਨੁਖਾਂ ਦਾ ਤੇ ਪਸ਼ੂ ਪੰਛੀਆਂ ਦਾ ਫੇਰ ਕੀ ਫਰਕ ਰਹਿ ਗਿਆ, ਜੋ ਫਰਕ ਸੀ ਉਹ ਤਾਂ ਕੰਮ ਕਰ ਨਹੀਂ ਰਹੇ।
ਮੂਲੁ ਨਾ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ....