13 September, 2021

What is Being killing (Jeev Hattiya) actually? ਅਸਲ ਵਿੱਚ ਜੀਵ-ਹੱਤਿਆ ਕੀ ਹੁੰਦੀ ਹੈ?

What is Being killing (Jeev Hattiya) actually? ਅਸਲ ਵਿੱਚ ਜੀਵ ਹੱਤਿਆ ਕੀ ਹੁੰਦੀ ਹੈ?ਜੀਵ-ਹੱਤਿਆ, ਇਹ ਸ਼ਬਦ ਸੁਣ ਕੇ ਕਿਸੇ ਆਮ ਇਨਸਾਨ ਅੰਦਰ ਦਇਆ ਭਾਵਨਾ ਪੈਦਾ ਹੋ ਜਾਂਦੀ ਹੈ, ਔਰਤਾਂ ਦੇ ਤਾਂ ਖਾਸ ਕਰ। ਸਾਡੇ ਖੂਨ ਦਾ ਰੰਗ ਲਾਲ ਹੈ ਤੇ ਸਾਨੂੰ ਪਤਾ ਹੈ ਜਦੋਂ ਸਾਡੇ ਸਰੀਰ ਵਿਚੋਂ ਇਹ ਲਾਲ ਰੰਗ ਦਾ ਤਰਲ ਪਦਾਰਥ ਨਿਕਲਦਾ ਹੈ ਤਾਂ ਬਹੁਤ ਦਰਦ ਹੁੰਦਾ ਹੈ। ਇਸੇ ਕਰਕੇ ਹੀ ਜਦੋਂ ਅਸੀ ਕਿਸੇ ਦੂਜੇ ਦੇ ਖੂਨ ਨਿਕਲਦਾ ਦੇਖਦੇ ਹਾਂ ਤਾਂ ਸਾਨੂੰ ਉਸ ਦਰਦ ਦਾ ਅਹਿਸਾਸ ਹੋ ਜਾਂਦਾ ਹੈ ਤੇ ਦਇਆ ਭਾਵਨਾ ਉਤਪਨ ਹੋ ਜਾਂਦੀ ਹੈ। ਪਰ ਕੀ ਜੇ ਇਹੀ ਖੂਨ ਕਿਸੇ ਜੀਵ ਦਾ ਹੋਰ ਰੰਗ ਦਾ ਹੋਵੇ, ਉਦਾਹਰਣ ਦੇ ਤੌਰ ਤੇ ਚਿੱਟੇ ਰੰਗ ਦਾ, ਤਾਂ ਫਿਰ ਵੀ ਇਹ ਦਇਆ ਭਾਵਨਾ ਪੈਦਾ ਹੋਵੇਗੀ? ਜੇ ਪੈਦਾ ਹੋਵੇ ਤਾਂ ਓਨੀ ਹੀ ਹੋਵੇਗੀ ਜਿੰਨੀ ਲਾਲ ਲਹੂ ਨੂੰ ਦੇਖ ਕੇ ਹੁੰਦੀ ਹੈ? ਕਈ ਬੂਟਿਆਂ ਜਾਂ ਦਰੱਖਤਾਂ ਦੇ ਪੱਤੇ ਟਾਹਣੀਆਂ ਨੂੰ ਤੋੜਨ ਤੇ ਇੱਕ ਚਿੱਟਾ ਜਿਹਾ ਤਰਲ ਪਦਾਰਥ ਨਿਕਲਦਾ ਹੈ, ਉਸਨੂੰ ਦੇਖ ਕੇ ਸਾਡੇ ਅੰਦਰ ਕੋਈ ਭਾਵਨਾ ਨੀ ਆਉਂਦੀ ਉਸ ਤਰਾਂ ਦੀ, ਪਰ ਜੇਕਰ ਉਸਦਾ ਰੰਗ ਵੀ ਲਾਲ ਹੋਵੇ ਫਿਰ ਸ਼ਾਇਦ ਸਾਡੇ ਵਿਚੋਂ ਅੱਧਿਆਂ ਨੇ ਉਸ ਦਰੱਖਤ ਦੇ ਪੱਤੇ ਟਾਹਣੀਆਂ ਵੀ ਤੋੜ੍ਹਨੋ ਹਟ ਜਾਣਾ, ਇਹ ਪੱਕੀ ਗੱਲ ਹੈ। 


ਕੁਝ ਹੱਦ ਤੱਕ ਤਾਂ ਸਮਝ ਹੀ ਗਈ ਹੋਣੀ ਕਿ ਇਹ ਸਾਰੀ ਕੀ ਖੇਡ ਹੈ? ਸਾਰੀ ਗੱਲ ਸਾਡੇ ਮੰਨਣ ਤੇ ਸਾਡੀਆਂ ਭਾਵਨਾਵਾਂ ਤੇ ਖੜੀ ਹੈ।ਮਰਣੁ ਲਿਖਾਇ ਮੰਡਲ ਮਹਿ ਆਏ॥ ਜੋ ਵੀ ਜੀਵ ਚਾਹੇ ਉਹ ਬਨਸਪਤੀ ਹੈ, ਇਸ ਧਰਤੀ ਤੇ ਪੈਦਾ ਹੋਇਆ ਤਾਂ ਉਹ ਆਪਣੀ ਮੌਤ ਲਿਖਾ ਕੇ ਆਇਆ ਭਾਵ ਉਸਨੇ ਮਰਨਾ ਜਰੂਰ ਹੈ, ਕੀ ਪਹਿਲਾਂ ਕੀ ਬਾਅਦ ਵਿੱਚ। ਉਹ ਸਰੀਰਕ ਤੌਰ ਤੇ ਪੈਦਾ ਹੁੰਦਾ ਤੇ ਮਰਦਾ ਹੈ। ਚੇਤਨ ਤੌਰ ਤੇ ਉਹ ਨਾ ਜੰਮਦਾ ਨਾ ਮਰਦਾ। ਕਿਸੇ ਨੂੰ ਕੁਝ ਪਤਾ ਨਹੀ ਸਾਡੇ ਮੂਲ਼, ਸਾਡੇ ਚੇਤਨ ਦੀ ਕਿੰਨੀ ਉਮਰ ਕਿਉਕਿ ਉਹ ਸਮੇਂ ਤੋਂ ਬਾਹਰ ਹੈ। ਉਸਤਤਿ ਕਹਨੁ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ॥” 


ਸਰੀਰ ਨੂੰ ਮਾਰਨਾ ਜੀਵ ਹੱਤਿਆ ਨਹੀ ਹੁੰਦੀ। ਇਹ ਸਾਨੂੰ ਸ਼ੁਰੂ ਤੋਂ ਹੀ ਗਲਤ ਸਿਖਾਇਆ ਗਿਆ ਹੈ। ਨਾ ਹੀ ਕਿਸੇ ਜੀਵ ਤੇ ਤਰਸ ਕਰ ਲੈਣ ਨਾਲ਼ ਦਇਆ  ਹੁੰਦੀ ਹੈ। ਦਇਆ ਤਾਂ ਸਿਰਫ ਆਤਮਿਕ ਪੱਧਰ ਤੇ ਹੀ ਹੁੰਦੀ ਹੈ, ਜੀਵ ਤੇ। ਇਸ ਜੀਵ ਨੂੰ ਇਸਦਾ ਗਿਆਨ ਦੇ ਕੇ, ਇਸਦਾ ਮੂਲ਼ (ਅਸਲ) ਬੁੱਝ ਕੇ। ਆਪਣੇ ਅੰਦਰ ਆਪਣੇ ਮੂਲ਼ ਆਪਣੇ ਪ੍ਰਭ ਨੂੰ ਜਾਨਣ ਦੀ ਇੱਛਾ ਜਗਾ ਕੇ ਤੇ ਉਸ ਸੱਚ ਦੇ ਗਿਆਨ ਨੂੰ ਲੈਣ ਲਈ ਪ੍ਰੇਰਤ ਕਰਨਾ ਹੀ ਅਸਲੀ ਦਇਆ ਹੈ। ਅਤੇ ਅਜਿਹੇ ਕਿਸੇ ਇਨਸਾਨ ਨੂੰ ਜਿਸ ਅੰਦਰ ਇਹ ਗਿਆਨ ਲੈਣ ਦੀ ਇੱਛਾ ਪੈਦਾ ਹੋ ਗਈ ਤੇ ਉਸਨੂੰ ਕੋਈ ਸੰਸਾਰਿਕ ਧਰਮ ਦਾ ਠੇਕੇਦਾਰ ਗਲਤ ਰਾਹ ਦੱਸ ਕੇ ਸਾਰੀ ਉਮਰ ਉਸ ਨੂੰ ਗਲਤ ਕਰਮ-ਕਾਂਡਾ ਵਿੱਚ ਪਾ ਕੇ ਰੱਖ ਦੇਵੇ ਤੇ ਉਸਦਾ ਜੀਵਨ ਹੀ ਖਰਾਬ ਕਰ ਦੇਵੇ, ਇਹ ਅਸਲੀ ਜੀਵ-ਹੱਤਿਆ ਹੁੰਦੀ ਹੈ। ਬ੍ਰਹਮ ਹੱਤਿਆ ਵੀ ਇਸੇ ਨੂੰ ਹੀ ਕਹਿੰਦੇ ਹਨ।


ਦੁਨੀਆ ਦੀ ਹਰੇਕ ਭਾਸ਼ਾ ਅੱਖਾਂ ਨੂੰ ਦਿਸਣ ਵਾਲ਼ੇ ਸੰਸਾਰ ਅਤੇ ਇਸਦੀ ਵਸਤੂਆਂ ਬਾਰੇ ਦੱਸਣ ਲਈ ਬਣੀ ਹੈ। ਪਰ ਧਰਮ ਦੀ ਦੁਨੀਆ ਅਦਿੱਖ ਹੈ ਜੋ ਅੱਖਾਂ ਨਾਲ਼ ਨਹੀ ਦਿਖਦੀ। ਜਦੋਂ ਧਰਮ ਨੂੰ ਸੰਸਾਰਿਕ ਬੋਲੀ ਵਿੱਚ ਸਮਝਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਕਈ ਅਣਜਾਣ ਇਸਦੀ ਗਲਤ ਵਿਆਖਿਆ ਕਰ ਲੈਂਦੇ ਹਨ ਤੇ ਇਸਨੂੰ ਸਰੀਰਕ ਪੱਧਰ ਤੇ ਲੈ ਆਉਂਦੇ ਹਨ। ਜਦੋਂ ਗੱਲ ਸੰਸਾਰਿਕ ਪੱਧਰ ਤੇ ਜਾਂ ਸਰੀਰਕ ਪੱਧਰ ਤੇ ਜਾਵੇ ਤਾਂ ਉਹ ਧਰਮ ਜੜ੍ਹ ਧਰਮ ਬਣ ਜਾਂਦਾ ਹੈ। ਇਸੇ ਤਰਾਂ ਅੱਜ ਸੰਸਾਰ ਦੇ ਸਾਰੇ ਧਰਮ ਜੜ੍ਹ ਧਰਮ ਬਣ ਗਏ ਹਨ ਜੋ ਅਸਲ ਸੱਚ ਤੋਂ ਕੋਹਾਂ ਦੂਰ ਹਨ।--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ....