14 April, 2020

ਜ਼ਫਰਨਾਮਾਹ ।। ਪਾਤਸ਼ਾਹੀ 10।। ਪੰਜਾਬੀ ਅਨੁਵਾਦ, Zafarnamah।। Gobind Singh Ji।। Punjabi Translate

Logical Reasoning, GurParsad, Gurmat, SatGur

ਜ਼ਫਰਨਾਮਾਹ ।। ਪਾਤਸ਼ਾਹੀ 10।। ਪੰਜਾਬੀ ਅਨੁਵਾਦ,  Zafarnamah।। Gobind Singh Ji।। Punjabi Translate


ਜ਼ਫਰਨਾਮਾਹ ।। ਪਾਤਸ਼ਾਹੀ 10।। Zafarnamah।। Gobind Singh Ji।।

ਪੰਜਾਬੀ ਅਨੁਵਾਦ Punjabi Translation


ਜਿੱਤ ਦਾ ਪੱਤਰ | The Letter of Victory

ਪਰਮੇਸ਼ਰ ਕਰਾਮਾਤ ਵਿਚ ਪੂਰਨ, ਸਦਾ ਰਹਿਣ ਵਾਲਾ, ਕ੍ਰਿਪਾਲੂ,
ਖੁਸ਼ੀਆਂ ਬਖਸ਼ਣ ਵਾਲਾ, ਰੋਜ਼ੀ ਦੇਣ ਵਾਲਾ, ਮੁਕਤੀਦਾਤਾ ਅਤੇ ਮਿਹਰ ਕਰਨ ਵਾਲਾ ਹੈ। 
ਉਹ ਈਮਾਨ ਤੇ ਸੁੱਖ ਦੇਣ ਵਾਲਾ, ਖਿਮਾ ਕਰਨ ਵਾਲਾ, ਹੱਥ ਫੜ੍ਹਨ ਵਾਲਾ,
ਭੁੱਲਾਂ ਮਾਫ ਕਰਨ ਵਾਲਾ, ਰਿਜ਼ਕ ਦੇਣ ਵਾਲਾ, ਮਨ ਨੂੰ ਪਸੰਦ ਆਉਣ ਵਾਲਾ ਹੈ। 
ਉਹ ਬਾਦਸ਼ਾਹਾਂ ਦਾ ਬਾਦਸ਼ਾਹ, ਖੂਬੀਆਂ (ਗੁਣ) ਦੇਣ ਵਾਲਾ,
ਪਥ-ਪ੍ਰਦਰਸ਼ਨ ਕਰਨ ਵਾਲਾ, ਰੰਗ ਰਹਿਤ, ਚਿੰਨ੍ਹ ਰਹਿਤ ਅਤੇ ਅਦੁੱਤੀ ਹੈ। 
ਉਸ ਕੋਲ ਨਾ ਕੋਈ ਸਮਾਨ ਹੈ, ਨਾ ਬਾਜ਼ ਹੈ ਅਤੇ ਨਾ ਹੀ ਫੌਜ਼ 'ਤੇ ਗਲੀਚੇ ਹਨ
ਪਰ ਪਰਮੇਸ਼ਰ ਸੁਖ-ਸੁਵਿਧਾਵਾਂ ਅਤੇ ਸਵਰਗ ਪ੍ਰਦਾਨ ਕਰ ਸਕਦਾ ਹੈ। 
ਉਹ ਸੰਸਾਰਿਕ ਪ੍ਰਪੰਚ ਤੋਂ ਪਵਿੱਤਰ, ਬਲਸ਼ਾਲੀ, ਸਾਖਿਆਤ, 
ਵਡਿਆਈ ਦੇਣ ਵਾਲਾ ਅਤੇ ਹਰ ਥਾਂ ਉੱਤੇ ਮੌਜੂਦ ਹੈ। 
ਉਹ ਦਾਤਾਂ ਦੇਣ ਵਾਲਾ, ਪਵਿੱਤਰ, ਪਾਲਣਾ ਕਰਨ ਵਾਲਾ,
ਰਹਿਮ ਕਰਨ ਵਾਲਾ ਅਤੇ ਹਰ ਇੱਕ ਨੂੰ ਰੋਜ਼ੀ ਦੇਣ ਵਾਲਾ ਹੈ। 
ਪਰਮੇਸ਼ਰ ਸਭ ਦਾ ਸਵਾਮੀ, ਵੱਡਿਆਂ ਤੋਂ ਵੀ ਵੱਡਾ,
ਸੁੰਦਰਤਾ ਦੇ ਗੁਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਦਿਆਲੂ ਹੈ। 
ਉਹ ਸ੍ਰੇਸ਼ਠ ਅਕਲ ਵਾਲਾ, ਗਰੀਬਾਂ ਦੀ ਦੇਖ ਭਾਲ ਕਰਨ ਵਾਲਾ,
ਨਿਰਧਨ ਦੀ ਪਾਲਣਾ ਕਰਨ ਵਾਲਾ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ। 
(ਉਹ) ਧਰਮ ਦੀ ਪਾਲਣਾ ਕਰਨ ਵਾਲਾ, ਵਡਿਆਈਆਂ ਦਾ ਠਿਕਾਣਾ,
ਵਾਸਤਵਿਕਤਾ ਨੂੰ ਸਮਝਣ ਵਾਲਾ, ਨੱਬੀਆਂ ਨੂੰ ਕਿਤਾਬ ਪ੍ਰਦਾਨ ਕਰਨ ਵਾਲਾ ਹੈ। 
(ਉਹ) ਦਾਨੀ ਦੀ ਪਛਾਣ ਕਰਨ ਵਾਲਾ, ਅਕਲ ਦਾ ਸੁਆਮੀ,
ਸਤਿਅਤਾ ਨੂੰ ਪਛਾਨਣ ਵਾਲਾ ਅਤੇ ਸਰਬਤ੍ਰ ਪ੍ਰਕਾਸ਼ਿਤ ਹੋਣ ਵਾਲਾ ਹੈ। 
ਪਰਮੇਸ਼ਰ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਨੂੰ ਜਾਨਣ ਵਾਲਾ,
ਹਰ ਕੰਮ ਦੀ ਗੁੰਜਲ ਨੂੰ ਖੋਲਣ ਵਾਲਾ ਅਤੇ ਸੰਸਾਰ ਨੂੰ ਵਿਸ਼ੇਸ਼ ਤਕਤੀਬ ਦੇਣ ਵਾਲਾ ਹੈ। 
ਸੰਸਾਰ ਦੇ ਸਾਰੇ ਕੰਮਾਂ ਨੂੰ ਚਲਾਉਣ ਵਾਲਾ ਬਹੁਤ ਮਹਾਨ,
ਵਿਦਿਆਵਾਂ ਨੂੰ ਸਮਝਣ ਵਾਲਾ ਅਤੇ ਸੰਸਾਰ ਦਾ ਨਾਇਕ ਹੈ। 

(ਹੇ ਔਰੰਗਜ਼ੇਬ!) ਮੈਨੂੰ ਤੇਰੀ ਇਸ ਕਸਮ ਉੱਤੇ ਯਕੀਨ ਨਹੀਂ ਹੈ। 
ਖੁਦਾ ਇੱਕ ਹੈ ਅਤੇ ਸਾਡੇ ਦੋਹਾਂ ਵਿਚ ਗਵਾਹ ਹੈ। 
ਉਸ (ਕਸਮ) ਉੱਤੇ ਮੇਰਾ ਜ਼ਰਾ ਜਿੰਨਾ ਵੀ ਇਤਬਾਰ ਨਹੀਂ ਹੈ, 
ਤੇਰੇ ਬਖਸ਼ੀ 'ਤੇ ਦੀਵਾਨ (ਮੁਸਾਹਿਬ) ਸਭ ਝੂਠ ਬੋਲਣ ਵਾਲ਼ੇ ਹਨ। 
ਜੋ ਵਿਅਕਤੀ ਤੇਰੀ ਕੁਰਾਨ ਦੀ ਕਸਮ ਉੱਤੇ ਵਿਸ਼ਵਾਸ ਕਰਦਾ ਹੈ,
ਉਹ ਆਖਰੀ ਸਮੇਂ ਵਿਚ ਖੁਆਰ ਹੁੰਦਾ ਹੈ। 
ਜੇ ਕੋਈ ਵਿਅਕਤੀ 'ਹੁਮਾ' ਪੰਛੀ ਦੀ ਛਾਇਆ ਹੇਠਾਂ ਆ ਜਾਵੇ,
ਉਸ ਉੱਤੇ ਕਾਂ ਹੱਥ ਨਹੀਂ ਰੱਖ ਸਕਦਾ, ਭਾਵੇਂ ਕਿੰਨਾ ਵੀ ਦਲੇਰ ਕਿਉ ਨਾ ਹੋਵੇ। 
ਜੇ ਕੋਈ ਬੰਦਾ ਸ਼ੇਰ ਦੀ ਪਿੱਠ ਪਿਛੇ ਖੜਾ ਹੋਵੇ,
ਤਾਂ ਬੱਕਰੀ, ਭੇੜ ਅਤੇ ਹਿਰਨ ਫੜ੍ਹ ਨਹੀਂ ਸਕਦੇ (ਸਗੋਂ ਉਸ ਕੋਲੋਂ) ਗੁਜ਼ਰ ਵੀ ਨਹੀਂ ਸਕਦੇ। 
ਜੇਕਰ ਮੈਂ ਕੁਰਾਨ ਦੀ ਕਸਮ ਦੇ ਗੁਪਤ ਫਰੇਬ ਦਾ ਧੋਖਾ ਨਾ ਖਾਂਦਾ 
ਤਾਂ ਮੈਂ ਆਪਣੀ ਪਿਆਰੀ ਫੌਜ ਨੂੰ ਅਤੇ ਜਗਾ ਨੂੰ ਨਾ ਛੱਡਦਾ। 
ਮੇਰੇ ਚਾਲੀ ਭੁੱਖੇ ਭਾਣੇ ਵਿਅਕਤੀ ਕੀ ਕਰ ਸਕਦੇ ਸਨ 
ਜਦੋ ਉਹਨਾਂ ਉੱਤੇ ਅਚਾਨਕ ਦਸ ਲੱਖ ਸੈਨਿਕ ਟੁੱਟਕੇ ਆ ਪਏ ਹੋਣ। 
(ਤੇਰੇ) ਬਚਨ ਨੂੰ ਤੋੜਨ ਵਾਲੇ (ਸਿਪਾਹੀ) ਝਟ ਪਟ ਤੇਗਾਂ,
ਤੀਰਾਂ ਅਤੇ ਬੰਦੂਕਾਂ ਸਮੇਤ ਆ ਗਏ।  
ਤਦ ਬੇਬਸ ਹੋ ਕੇ (ਮੈਂ ਯੁੱਧ-ਭੂਮੀ) ਵਿਚ ਆ ਗਿਆ 
ਅਤੇ ਤੀਰਾਂ ਅਤੇ ਬੰਦੂਕਾਂ ਨੂੰ ਵਿਧੀ ਪੂਰਵਕ ਧਾਰਨ ਕਰ ਕੇ ਆਇਆ। 
ਜਦੋਂ ਕਿਸੇ ਕੰਮ ਲਈ ਸਾਰੇ ਹੀਲੇ ਖਤਮ ਹੋ ਜਾਣ,
ਤਾਂ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ। 
ਮੈਂ (ਤੇਰੀ) ਕੁਰਾਨ ਦੀ ਕਸਮ ਦਾ ਕੀ ਵਿਸ਼ਵਾਸ ਕਰਾਂ,
ਨਹੀਂ ਤਾਂ ਤੂੰ ਹੀ ਦਸ ਕਿ ਮੇਰਾ ਇਸ ਰਾਹ ਤੇ ਚੱਲਣ ਦਾ ਕੀ ਕੰਮ ਸੀ। 
ਮੈਂ ਨਹੀਂ ਜਾਣਦਾ ਸੀ ਕਿ ਇਹ ਮਰਦ ਲੂੰਬੜੀ ਵਾਂਗ ਮਕਾਰ ਹਨ,
ਨਹੀਂ ਤਾਂ ਹਰਗਿਜ਼ ਕਿਸੇ ਬਹਾਨੇ ਨਾਲ ਵੀ ਇਸ ਰਸਤੇ ਨਾ ਆਉਂਦਾ। 
ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਦੇ ਅਧੀਨ ਆਇਆ ਹੋਵੇ,
ਉਸ ਨੂੰ ਨਾ ਤਾਂ ਕੈਦ ਕਰਨਾ ਚਾਹੀਦਾ ਹੈ ਅਤੇ ਨਾ ਹੀ ਮਾਰਨਾ ਚਾਹੀਦਾ ਹੈ। 
ਇਸ ਦੇ ਉਲਟ ਕਾਲੇ ਵਸਤਰਾਂ ਵਾਲੇ (ਤੇਰੇ ਸੈਨਿਕ) ਮੱਖੀਆਂ ਵਾਂਗ ਆ ਪਏ,
ਉਹ ਰੌਲਾ ਪਾਉਂਦੇ ਹੋਏ ਇੱਕੋ ਵਾਰੀ ਹੀ ਆ ਪਏ। 
(ਤੇਰਾ) ਹਰ ਉਹ ਆਦਮੀ ਜੋ ਕੰਧ ਦੀ ਓਟ ਤੋਂ ਬਾਹਰ ਨਿਕਲਿਆ,
ਉਹ (ਮੇਰਾ) ਇੱਕੋ ਤੀਰ ਖਾ ਕੇ ਲਹੂ ਵਿਚ ਗਰਕ ਹੋ ਗਿਆ। 
ਜੋ ਆਦਮੀ ਦੀਵਾਰ ਦੀ ਓਟ ਤੋਂ ਬਾਹਰ ਨਾ ਆਇਆ,
ਉਸ ਨੇ ਨਾ ਤੀਰ ਖਾਦਾ ਅਤੇ ਨਾ ਖੁਆਰ ਹੋਇਆ। 
ਜਦੋਂ ਮੈਂ ਦੇਖਿਆ ਕਿ ਨਾਹਰ ਖਾਨ ਯੁੱਧ ਕਰਨ ਲਈ ਆਇਆ ਹੈ,
ਤਾਂ ਮੈਂ (ਉਸਨੂੰ) ਇੱਕ ਤੀਰ ਦਾ ਜਲਦੀ ਨਾਲ ਸੁਆਦ ਚਖਾ ਦਿੱਤਾ। 
ਅੰਤ ਵਿਚ ਰਣ-ਭੂਮੀ ਵਿਚੋਂ ਉਹ ਪਠਾਣ ਵੀ ਭੱਜ ਗਏ,
ਜੋ ਬਾਹਰ ਬੈਠੇ ਬਹੁਤ ਸ਼ੇਖੀਆਂ ਮਾਰ ਰਹੇ ਸਨ।  
(ਫਿਰ) ਇੱਕ ਹੋਰ ਪਠਾਣ ਯੁੱਧ ਕਰਨ ਲਈ ਆਇਆ,
ਜਿਵੇਂ ਹੜ੍ਹ ਆਉਂਦਾ ਹੈ ਜਾਂ ਤੀਰ ਅਤੇ ਬੰਦੂਕ (ਦੀ ਗੋਲੀ) ਆਉਂਦੀ ਹੈ। 
ਉਸਨੇ ਬਹੁਤ ਸਾਰੇ ਹਮਲੇ ਮਰਦਾਨਗੀ ਨਾਲ ਕੀਤੇ,
ਕੁਝ ਹੁਸ਼ਿਆਰੀ ਵਾਲੇ ਸਨ ਅਤੇ ਕੁਝ ਦੀਵਾਨਿਆ ਵਰਗੇ ਸਨ। 
ਉਸਨੇ ਬਹੁਤ ਹਮਲੇ ਕੀਤੇ ਅਤੇ ਬਹੁਤ ਸਾਰੇ ਜ਼ਖਮ (ਵੀ) ਖਾਦੇ,
ਸਾਡੇ ਦੋ ਆਦਮੀ ਮਾਰ ਦਿੱਤੇ ਅਤੇ (ਆਪਣੀ) ਜਾਨ ਵੀ ਸਪੁਰਦ ਕਰ ਗਿਆ। 
ਉਹ ਖ਼੍ਵਾਜਾ (ਜਫ਼ਰ ਬੇਗ) ਕਾਇਰ ਵਾਂਗ ਦੀਵਾਰ ਦੀ ਓਟ ਵਿਚ ਹੀ ਰਿਹਾ,
ਮੈਦਾਨ ਵਿਚ ਨਾ ਨਿੱਤਰਿਆ ਅਤੇ ਨਾ ਹੀ ਮਰਦਾਨਗੀ ਨਾਲ ਵਾਰ ਕੀਤਾ। 
ਖੇਦ ਹੈ, ਜੇ ਮੈਂ ਉਸ ਮਕਾਰ ਦਾ ਮੂੰਹ ਦੇਖ ਲੈਂਦਾ,
ਤਾਂ ਮਜਬੂਰ ਹੋ ਕੇ ਇੱਕ ਤੀਰ ਬਖ਼ਸ਼ ਦਿੰਦਾ (ਭਾਵ ਮਾਰ ਦਿੰਦਾ)। 
ਅੰਤ ਵਿਚ ਤੀਰਾਂ ਅਤੇ ਬੰਦੂਕਾਂ ਦੇ ਬਹੁਤ ਸਾਰੇ ਜ਼ਖਮ ਖਾ ਕੇ,
ਦੋਹਾਂ ਪਾਸਿਆਂ ਦੇ ਬਹੁਤ ਸਾਰੇ (ਸੈਨਿਕ) ਥੋੜੇ ਸਮੇਂ ਵਿਚ ਮਾਰੇ ਗਏ। 
ਤੀਰਾਂ ਅਤੇ ਬੰਦੂਕਾਂ (ਦੀਆਂ ਗੋਲੀਆਂ) ਦੀ ਬਹੁਤ ਬਰਖਾ ਹੋਈ,
ਜਿਸ ਕਰਕੇ ਧਰਤੀ ਲਾਲ ਪੋਸਟ ਦੇ ਫੁਲ ਵਰਗੀ ਹੋ ਗਈ। 
ਮੈਦਾਨੇ-ਜੰਗ ਵਿਚ ਸਿਰਾਂ ਅਤੇ ਪੈਰਾਂ ਦਾ ਅੰਬਾਰ ਲੱਗ ਗਿਆ,
ਜਿਵੇਂ ਮੈਦਾਨ ਗੇਂਦਾ ਖੂੰਡੀਆਂ ਨਾਲ ਭਰ ਗਿਆ ਹੋਵੇ। 
(ਜਦੋਂ) ਤੀਰਾਂ ਦੀ ਸਰਸਰਾਹਟ ਹੋਈ ਅਤੇ ਕਮਾਨਾਂ ਨੇ ਟੁਣਕਾਰ ਕੀਤੀ,
ਤਾਂ ਸਾਰਾ ਜਹਾਨ ਹਾ-ਹੂ ਨਾਲ ਭਰ ਗਿਆ (ਭਾਵ ਰੌਲਾ ਪੈ ਗਿਆ)। 
ਫਿਰ ਤੀਰਾਂ ਦੇ ਮਾਰੂ ਰੌਲੇ ਨੇ,
ਬਹਾਦਰ ਸੂਰਮਿਆ ਦੀ ਹੋਸ਼ ਉਡਾ ਦਿੱਤੀ। 
ਅਖੀਰ ਜ਼ੰਗ ਵਿਚ ਮਰਦਾਨਗੀ ਵੀ ਕੀ ਕਰ ਸਕਦੀ ਹੈ,
ਜੇ ਚਾਲੀ ਆਦਮੀਆਂ ਉੱਤੇ ਬੇਸ਼ੁਮਾਰ (ਫੌਜ) ਟੁੱਟ ਪਈ ਹੋਵੇ। 
(ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿਚ ਆ ਗਿਆ (ਭਾਵ ਡੁੱਬ ਗਿਆ),
(ਤਦ) ਰਾਤ ਦਾ ਸਵਾਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ। 
ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਖਾਂਦਾ ਹੈ,
ਪਰਮੇਸ਼ਰ ਉਸ ਦਾ ਪੰਥ-ਪ੍ਰਦਾਰਸ਼ਨ ਕਰਦਾ ਹੈ। 
ਉਸ ਦਾ ਨਾ ਵਾਲ ਵਿੰਗਾ ਹੁੰਦਾ ਹੈ ਅਤੇ ਨਾ ਸਰੀਰ ਦੁੱਖ ਪਾਉਂਦਾ ਹੈ। 
(ਪਰਮੇਸ਼ਰ) ਵੈਰੀ ਨੂੰ ਮਾਰ ਕੇ ਉਸ ਨੂੰ ਖੁਦ ਬਾਹਰ ਕੱਢ ਲਿਆਉਂਦਾ ਹੈ। 
ਮੈਂ ਨਹੀਂ ਸਾਂ ਜਾਣਦਾ ਕਿ ਇਹ ਆਦਮੀ (ਔਰੰਗਜ਼ੇਬ) ਇਕਰਾਰ ਤੋੜਨ ਵਾਲਾ,
ਦੌਲਤ ਦਾ ਪੁਜਾਰੀ ਅਤੇ ਈਮਾਨ ਨੂੰ ਪਰੇ ਸੁੱਟਣ ਵਾਲਾ ਹੈ। 
ਇਹ ਨਾ ਧਰਮ ਦੀ ਪਾਲਨਾ ਕਰਦਾ ਹੈ, ਨਾ ਧਰਮ ਦੇ ਵਿਧਾਨ ਨੂੰ ਮੰਨਦਾ ਹੈ,
ਨਾ ਪ੍ਰਭੂ ਦੀ ਕੋਈ ਪਛਾਣ ਹੈ ਅਤੇ ਨਾ ਹੀ ਮੁਹੰਮਦ ਤੇ ਕੋਈ ਯਕੀਨ ਹੈ। 
ਹਰ ਉਹ ਆਦਮੀ ਜੋ ਈਮਾਨ ਦੀ ਪਾਲਨਾ ਕਰਦਾ ਹੈ,
ਉਹ ਆਪਣੇ ਇਕਰਾਰ ਤੋਂ ਕਦੇ ਪਿੱਛੇ ਨਹੀਂ ਹਟਦਾ। 
ਇਸ ਮਰਦ (ਔਰੰਗਜ਼ੇਬ) ਦਾ ਜ਼ਰਾ ਜਿੰਨਾ ਵੀ ਵਿਸ਼ਵਾਸ ਨਹੀਂ ਹੈ,
ਜੋ ਕੁਰਾਨ ਦੀ ਕਸਮ ਖਾਂਦਾ ਹੈ ਅਤੇ ਪਰਮੇਸ਼ਰ ਨੂੰ ਇੱਕ ਮੰਨਦਾ ਹੈ। 
ਜੇ ਉਹ ਹੁਣ ਕੁਰਾਨ ਦੀਆਂ ਸੌ ਕਸਮਾਂ ਖਾ ਲਏ,
ਤਾਂ ਵੀ ਮੈਂ ਰਤਾ ਜਿੰਨਾ ਯਕੀਨ ਨਹੀਂ ਕਰ ਸਕਦਾ। 
ਜੇ ਤੇਰਾ (ਕੁਰਾਨ ਉੱਤੇ) ਯਕੀਨ ਹੁੰਦਾ,
ਤਾਂ ਲੱਕ ਬੰਨ ਕੇ ਸਾਹਮਣੇ ਆ ਜਾਂਦਾ। 
ਤੇਰੇ ਸਿਰ ਉੱਤੇ ਕਸਮ ਨੂੰ ਪੂਰਾ ਕਰਨ ਦਾ ਫਰਜ਼ ਬਣਦਾ ਹੈ,
ਕਿਉ ਕਿ ਮੈਂ ਤੈਨੂੰ ਤੇਰੇ ਖੁਦਾ ਦੀ ਕਸਮ ਦਿੰਦਾ ਹਾਂ। 
ਜੇ ਹਜ਼ਰਤ ਮੇਰੇ ਸਾਹਮਣੇ ਖੜੇ ਹੁੰਦੇ,
ਤਾਂ ਦਿਲੋਂ-ਜਾਨ ਨਾਲ ਸਾਰੇ ਕੰਮ ਦਾ ਪਤਾ ਲੱਗ ਜਾਂਦਾ। 
(ਹੁਣ) ਤੇਰਾ ਫਰਜ਼ ਬਣਦਾ ਹੈ (ਕਿ ਤੂੰ) ਕੰਮ ਨੂੰ ਪੂਰਾ ਕਰੇਂ,
ਅਤੇ ਆਪਣੇ ਲਿਖੇ ਅਨੁਸਾਰ ਵਿਚਾਰ ਕਰੇ। 
ਮੇਰੇ ਕੋਲ ਤੇਰਾ ਲਿਖਿਆ ਹੋਇਆ ਖ਼ਤ ਪਹੁੰਚਿਆ ਅਤੇ ਜ਼ੁਬਾਨੀ ਵੀ ਕਿਹਾ ਗਿਆ,
'ਕਿ ਇਹ ਕੰਮ ਅਰਾਮ ਨਾਲ ਹੋ ਜਾਏਗਾ।'
ਇਨਸਾਨ ਉਹ ਹੋਣਾ ਚਾਹੀਦਾ ਹੈ ਜੋ ਵਾਇਦੇ ਦਾ ਪੱਕਾ ਹੋਵੇ,
ਇਹੋ ਜਿਹਾ ਨਾ ਹੋਵੇ ਕਿ ਢਿੱਡ ਵਿਚ ਕੁਝ ਹੋਰ ਅਤੇ ਮੂੰਹ ਵਿਚ ਕੁਝ ਹੋਰ। 
ਜੋ ਕਾਜ਼ੀ ਨੇ ਮੈਨੂੰ ਕਿਹਾ ਹੈ, ਮੈਂ ਉਸ ਤੋਂ ਬਾਹਰ ਨਹੀਂ ਹਾਂ। 
ਪਰ ਜੇ ਤੂੰ ਹਾਲੇ ਵੀ ਉਸ ਰਸਤੇ ਤੇ ਹੋਵੇ। 
ਜੇ ਤੈਨੂੰ ਕੁਰਾਨ ਵਾਲਾ ਕਰਾਰਨਾਮਾ ਚਾਹੀਦਾ ਹੈ,
ਤਾਂ (ਮੈਂ) ਉਹ ਵੀ ਤੇਰੇ ਕੋਲ ਭੇਜ ਸਕਦਾ ਹਾਂ। 
ਜੇ ਤੂੰ ਕਾਂਗੜੇ ਕਸਬੇ ਵਿਚ ਆ ਜਾਵੇ,
ਤਾਂ ਉਸ ਪਿੱਛੋਂ ਆਪਸ ਵਿਚ ਮੁਲਾਕਾਤ ਹੋ ਜਾਵੇਗੀ। 
ਤੈਨੂੰ ਇਸ ਰਾਹ ਤੇ ਆਉਣ ਵਿਚ ਕੋਈ ਖਤਰਾ ਨਹੀਂ,
ਕਿਉਕਿ ਸਾਰੀ ਬਰਾੜ ਕੌਮ ਮੇਰੇ ਕਹਿਣੇ ਵਿਚ ਹੈ। 
ਇਥੇ ਆਓ ਤਾਂ ਜੋ ਖੁਦ ਜ਼ੁਬਾਨੀ ਗੱਲ-ਬਾਤ ਹੋਵੇ,
ਮਿਹਰਬਾਨੀਆਂ ਦਾ ਆਦਾਨ-ਪ੍ਰਦਾਨ ਹੋਵੇਗਾ। 
'ਇੱਕ ਹਜ਼ਾਰੀ' ਦਾ ਖਿਤਾਬ ਦੇ ਕੇ, 
ਇਹ ਇਲਾਕਾ ਦਿੱਤਾ ਜਾਵੇਗਾ। 
ਮੈਂ ਬਾਦਸ਼ਾਹਾਂ ਦੇ ਬਾਦਸ਼ਾਹ ਦਾ ਸੇਵਕ ਅਤੇ ਚਾਕਰ ਹਾਂ,
ਜੇ ਉਸ ਦਾ ਹੁਕਮ ਆ ਜਾਵੇ, ਤਾਂ ਜਾਨ ਸਮੇਤ ਹਾਜ਼ਰ ਹਾਂ। 
ਜੇਕਰ (ਉਸ ਪਰਮੇਸ਼ਰ ਦਾ) ਮੈਨੂੰ ਫਰਮਾਨ ਆ ਗਿਆ,
ਤਾਂ ਮੈਂ ਤੇਰੇ ਪਾਸ ਜਿੰਦ ਅਤੇ ਸਰੀਰ ਸਹਿਤ ਆ ਜਾਵਾਂਗਾ। 
ਜੇ ਤੂੰ ਪਰਮੇਸ਼ਰ ਦੀ ਪੂਜਾ ਕਰਨ ਵਾਲਾ ਹੈ,
ਤਾਂ ਮੇਰੇ ਕੰਮ (ਨੂੰ ਕਰਨ) ਵਿਚ ਸੁਸਤੀ ਨਾ ਕਰੀਂ। 
ਤੈਨੂੰ ਚਾਹੀਦਾ ਹੈ ਕਿ ਪਰਮੇਸ਼ਰ ਨੂੰ ਪਛਾਣੇ,
ਅਤੇ ਕਿਸੇ ਦੇ ਕਹੇ ਤੇ ਕਿਸੇ ਨੂੰ ਦੁਖੀ ਨਾ ਕਰੇਂ। 
ਤੂੰ ਖ਼ਲਕਤ ਦਾ ਸਰਦਾਰ ਹੈ ਅਤੇ ਗੱਦੀਨਸ਼ੀਨ (ਬਾਦਸ਼ਾਹ) ਹੈ,
ਤੇਰਾ ਇਨਸਾਫ ਅਜੀਬ ਹੈ ਅਤੇ ਤੇਰੀਆਂ ਸਿਫਤਾਂ ਵੀ ਅਜੀਬ ਹਨ। 
ਤੇਰਾ ਨਿਆ ਅਜੀਬ ਹੈ ਅਤੇ ਤੇਰੀ ਧਰਮ-ਪਾਲਣਾ ਵੀ ਅਸਚਰਜ ਹੈ,
ਸੱਚਮੁੱਚ ਤੇਰੀ ਸਰਦਾਰੀ ਤੇ ਅਫਸੋਸ ਹੈ, ਸੌ ਵਾਰ ਅਫਸੋਸ ਹੈ। 
ਤੇਰੀ ਸ਼ਰਾਹ ਦਾ ਅਧਾਰ ਬਹੁਤ ਅਜੀਬ ਹੈ,
ਸਚਾਈ ਤੋਂ ਬਿਨ੍ਹਾਂ ਹੋਰ ਕੁਝ ਕਹਿਣਾ ਨੁਕਸਾਨਦੇਹ ਹੈ। 
ਤੂੰ ਨਿਰਦਈ ਹੋ ਕੇ ਕਿਸੇ ਦਾ ਖੂਨ ਕਰਨ ਲਈ ਤਲਵਾਰ ਨਾ ਚਲਾ,
ਕਿਉਕਿ ਤੇਰਾ ਵੀ ਇੱਕ ਦਿਨ ਪਰਮੇਸ਼ਰ ਦੀ ਤਲਵਾਰ ਨਾਲ ਖੂਨ ਡੁੱਲ੍ਹੇਗਾ। 
ਹੈ ਬੰਦੇ! ਤੂੰ ਗਾਫਲ ਨਾ ਹੋ, ਪਰਮੇਸ਼ਰ ਨੂੰ ਪਛਾਣ,
ਉਹ ਬਹੁਤ ਬੇਨਿਆਜ਼ (ਬੇਪਰਵਾਹ) ਹੈ ਅਤੇ (ਉਸ ਨੂੰ) ਕਿਸੇ ਦੀ ਖੁਸ਼ਾਮਦ ਦੀ ਲੋੜ ਨਹੀਂ। 
ਉਹ ਬਹੁਤ ਨਿਡਰ ਹੈ ਅਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ,
(ਉਹ) ਧਰਤੀ ਅਤੇ ਆਕਾਸ਼ ਦਾ ਸੱਚਾ ਪਾਤਸ਼ਾਹ ਹੈ। 
ਉਹ ਪਰਮੇਸ਼ਰ ਧਰਤੀ ਅਤੇ ਆਕਾਸ਼ ਦਾ ਸੁਆਮੀ ਹੈ,
ਉਹ ਹਰ ਵਿਅਕਤੀ ਅਤੇ ਹਰ ਸਥਾਨ ਨੂੰ ਬਣਾਉਣ ਵਾਲਾ ਹੈ। 
ਉਹ ਕੀੜੀ ਤੋਂ ਲੈ ਕੇ ਹਾਥੀ ਦੀ ਪਾਲਨਾ ਕਰਦਾ ਹੈ,
ਨਿਤਾਣਿਆ ਦਾ ਤਾਣ ਹੈ ਅਤੇ ਉਸ ਤੋਂ ਬੇਖ਼ਬਰਾਂ ਨੂੰ ਨਸ਼ਟ ਕਰਨ ਵਾਲਾ ਹੈ। 
ਉਹ ਫਰਿਯਾਦੀਆਂ ਨੂੰ ਨਿਵਾਜਣ ਵਾਲਾ ਹੈ,
ਉਹ ਕਿਸੇ ਤਰਾਂ ਦੀ ਖੁਸ਼ਾਮਦ ਜਾਂ ਭੇਟ ਦਾ ਲੋੜ੍ਹਵੰਦ ਨਹੀਂ ਅਤੇ ਬੇਪਰਵਾਹ ਹੈ। 
ਉਸ ਦਾ ਕੋਈ ਰੰਗ ਨਹੀਂ ਹੈ, ਨਾ ਹੀ ਕੋਈ ਚਿੰਨ ਹੈ,
ਉਹੀ ਰਾਹ ਦੱਸਣ ਵਾਲਾ ਹੈ, ਅਤੇ ਰਸਤੇ ਉੱਤੇ ਲੈ ਕੇ ਚੱਲਣ ਵਾਲਾ ਵੀ ਓਹੀ ਹੈ। 
ਤੇਰੇ ਸਿਰ ਉੱਤੇ ਕੁਰਾਨ ਦੀ ਕਸਮ ਦਾ ਫਰਜ਼ ਲਾਗੂ ਹੈ,
ਇਸ ਲਈ ਆਪਣੇ ਕੀਤੇ ਹੋਏ ਵਚਨ ਨੂੰ ਸਿਰੇ ਚੜ੍ਹਾ। 
ਤੂੰ ਆਪਣੀ ਬੁੱਧੀ ਨਾਲ ਕੰਮ ਕਰ,
ਅਤੇ ਤੂੰ ਆਪਣੇ ਕੰਮਾਂ ਨੂੰ ਪੂਰੀ ਦ੍ਰਿੜ੍ਹਤਾ ਨਾਲ ਪੂਰਾ ਕਰ। 

ਕੀ ਹੋਇਆ (ਔਰੰਗਜ਼ੇਬ) ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ,
ਪਰ ਅਜੇ ਕੁੰਡਲੀਆ ਨਾਗ ਮੇਰਾ ਖਾਲਸਾ ਜਿਉਂਦਾ ਹੈ। 
ਇਸ ਵਿਚ ਕੀ ਮਰਦਾਨਗੀ ਹੈ ਕਿ ਤੂੰ ਚੰਗਿਆੜੀਆਂ ਨੂੰ ਬੁਝਾ ਰਿਹਾ ਹੈ,
(ਪਰ ਇਸ ਤਰਾਂ ਤੂੰ) ਭੜਕਦੀ ਹੋਈ ਅੱਗ ਨੂੰ ਹੋਰ ਮਚਾ ਰਿਹਾ ਹੈ। 
ਫਿਰਦੌਸੀ ਸ਼ਾਇਰ ਨੇ ਕਿੰਨੀ ਸੋਹਣੀ ਬੋਲੀ ਵਿਚ ਕਿਹਾ ਹੈ,
ਕਿ ਜਲਦਬਾਜ਼ੀ ਵਿਚ ਕੀਤਾ ਕੰਮ, ਸ਼ੈਤਾਨਾਂ ਦਾ ਕੰਮ ਹੈ। 
ਜਦੋਂ ਮੈਂ ਤੇਰੇ ਰੱਬ (ਹਜ਼ਰਤ) ਦੀ ਦਰਗਾਹ ਵਿਚ ਆਵਾਂਗਾ,
ਉਸ ਦਿਨ ਤੂੰ ਆਪੇ ਗਵਾਹ ਬਣ ਜਾਵੇਗਾ। 
ਜੇ ਤੂੰ ਇਸਨੂੰ ਵੀ ਭੁੱਲ ਜਾਵੇਗਾ,
ਤਾਂ ਰੱਬ ਤੈਨੂੰ ਵੀ ਭੁਲਾ ਦੇਵੇਗਾ। 
ਜੇ ਤੂੰ ਇਸ ਕੰਮ ਲਈ ਲੱਕ ਬੰਨ੍ਹ ਲਵੇਗਾ,
ਤਾਂ ਪਰਮੇਸ਼ਰ ਤੈਨੂੰ ਇਸਦਾ ਚੰਗਾ ਫ਼ਲ ਦੇਵੇਗਾ। 
ਧਰਮ ਦੀ ਪਾਲਨਾ ਕਰਨਾ ਸਭ ਤੋਂ ਚੰਗਾ ਨੇਕ ਕੰਮ ਹੈ,
ਜੇ ਤੂੰ ਪਰਮੇਸ਼ਰ ਨੂੰ ਪਛਾਣੇਗਾ ਤਾਂ ਇਸ ਤੋਂ ਵੀ ਸ੍ਰੇਸ਼ਠ ਹੋ ਜਾਵੇਗਾ। 
ਮੈਂ ਜਾਣਦਾ ਹਾਂ ਕਿ ਤੂੰ ਰੱਬ ਨੂੰ ਪਛਾਨਣ ਵਾਲਾ ਨਹੀਂ ਹੈ,
ਕਿਉਕਿ ਤੇਰੇ ਤੋਂ ਬਹੁਤ ਦਿਲ ਦੁਖਾਉਣ ਵਾਲੇ ਕੰਮ ਹੋ ਚੁੱਕੇ ਹਨ।  
ਤੂੰ ਕਿਰਪਾਲੂ ਪਰਮੇਸ਼ਰ ਨੂੰ ਅਜੇ ਨਹੀਂ ਪਛਾਣਦਾ,
ਤੇਰੀ ਇਤਨੀ ਬਾਦਸ਼ਾਹੀ ਅਤੇ ਦੌਲਤ ਨੂੰ ਉਹ ਪਰਮੇਸ਼ਰ ਕੁਝ ਵੀ ਨਹੀਂ ਸਮਝਦਾ,
ਜੇ ਤੂੰ (ਹੁਣ) ਕੁਰਾਨ ਦੀਆਂ ਸੌ ਕਸਮਾਂ ਵੀ ਖਾ ਲਏ, 
ਤਾਂ ਵੀ ਉਨ੍ਹਾ ਉੱਤੇ ਮੇਰਾ ਜ਼ਰਾ ਜਿੰਨਾ ਵੀ ਵਿਸ਼ਵਾਸ ਨਹੀਂ। 
ਨਾ ਮੈਂ ਤੇਰੀ ਹਜ਼ੂਰੀ ਵਿਚ ਆਵਾਂਗਾ ਅਤੇ ਨਾ ਹੀ ਇਸ ਰਸਤੇ ਉੱਤੇ ਚੱਲਾਗਾ,
ਬਾਦਸ਼ਾਹ ਦੇ ਕਹਿਣ ਤੇ ਮੈਂ ਕਿਤੇ ਵੀ ਨਹੀਂ ਜਾਵਾਂਗਾ। 
ਹੇ ਔਰੰਗਜ਼ੇਬ ਬਾਦਸ਼ਾਹ! ਤੂੰ ਬਾਦਸ਼ਾਹੀ ਹਾਸਲ ਹੋਣ ਕਰਕੇ ਸ਼ਾਹਾਂ ਦਾ ਸ਼ਾਹ ਬਣ ਗਿਆ ਹੈ,
ਤੂੰ ਬਹੁਤ ਫੁਰਤੀਲਾ ਅਤੇ ਚੰਗਾ ਘੋੜ-ਸਵਾਰ ਹੈ। 
ਤੂੰ ਸੁੰਦਰ ਰੂਪ ਵਾਲਾ, ਜਲਾਲ ਵਾਲਾ, ਅਤੇ ਚੰਗੀ ਜ਼ਮੀਰ ਵਾਲਾ,
ਦੇਸ਼ ਦਾ ਮਾਲਕ ਅਤੇ ਅਮੀਰਾਂ ਦਾ ਸੁਆਮੀ ਹੈ। 
ਤੂੰ ਚੰਗੀ ਅਕਲ ਵਾਲਾ ਅਤੇ ਤਲਵਾਰ ਚਲਾਉਣ ਵਿਚ ਪ੍ਰਵੀਨ ਹੈ,
ਤੂੰ ਦੇਗ ਅਤੇ ਤੇਗ ਦਾ ਮਾਲਕ ਹੈ। 
ਤੂੰ ਸ੍ਰੇਸ਼ਠ ਜ਼ਮੀਰ ਵਾਲਾ ਅਤੇ ਸੁੰਦਰ ਰੂਪ ਵਾਲਾ ਹੈ,
ਤੂੰ ਮੁਲਕ ਅਤੇ ਮਾਲ ਦਾ ਸੁਆਮੀ ਅਤੇ ਬਖਸ਼ਿਸ਼ ਕਰਨ ਵਾਲਾ ਹੈ। 
ਤੂੰ ਵੱਡੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਅਤੇ ਲੜਾਈ ਵਿਚ ਪਰਬਤ ਵਾਂਗ ਅਹਿੱਲ ਹੈ,
ਤੇਰੀਆਂ ਦੇਵਤਿਆਂ ਵਰਗੀਆਂ ਸਿਫਤਾਂ ਹਨ, ਤੇਰਾ ਪ੍ਰਤਾਪ ਆਕਾਸ਼ ਦੀ ਚੋਟੀ ਤੱਕ ਵਿਆਪਕ ਹੈ। 
ਹੇ ਔਰੰਗਜ਼ੇਬ! ਭਾਵੇਂ ਤੂੰ ਦੁਨੀਆ ਦਾ ਬਾਦਸ਼ਾਹ ਹੈ ਅਤੇ ਵਕਤ ਦਾ ਹਾਕਮ ਵੀ ਹੈ,
ਪਰ ਤੂੰ ਧਰਮ ਤੋਂ ਬਹੁਤ ਦੂਰ ਹੈ। 
ਮੈਂ ਮੂਰਤੀ-ਪੂਜ ਪਹਾੜੀ ਰਾਜਿਆਂ ਨੂੰ ਮਾਰਨ ਵਾਲਾ ਹਾਂ,
ਉਹ ਬੁੱਤਾਂ ਦੀ ਪੂਜਾ ਕਰਦੇ ਹਨ ਅਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ। 
ਹੇ ਔਰੰਗਜ਼ੇਬ! ਜ਼ਮਾਨੇ ਦੀ ਬੇਵਫ਼ਾਈ ਦਾ ਹਾਲ ਦੇਖ,
(ਇਹ) ਜਿਸ ਦੇ ਪਿਛੇ ਪੈ ਜਾਂਦਾ ਹੈ, ਉਸ ਨੂੰ ਹਾਨੀ ਪਹੁੰਚਾਉਂਦਾ ਹੈ। 
ਉਹ ਪਾਕ ਅਤੇ ਨੇਕ ਪਰਮੇਸ਼ਰ ਦੀ ਕੁਦਰਤ ਨੂੰ ਵੀ ਦੇਖ,
ਜੋ ਇੱਕ ਜਾਂ ਦੋ ਤੋਂ ਦਸ ਲੱਖ ਨੂੰ ਮਰਵਾ ਦਿੰਦਾ ਹੈ। 
ਦੁਸ਼ਮਣ ਕੀ ਕਰ ਸਕਦਾ ਹੈ ਜੇ ਪਰਮੇਸ਼ਰ ਰੂਪੀ ਦੋਸਤ ਮਿਹਰਵਾਨ ਹੋਵੇ,
ਉਸ ਪਰਮੇਸ਼ਰ ਦਾ ਕੰਮ ਹੀ ਬਖਸ਼ਿਸ਼ ਕਰਨਾ ਹੈ। 
ਉਹ ਪਰਮੇਸ਼ਰ ਬੰਧਨ ਖਲਾਸ ਕਰਨ ਵਾਲਾ ਅਤੇ ਪੰਥ-ਪ੍ਰਦਰਸ਼ਕ ਹੈ,
ਜੀਭ ਨੂੰ ਸਿਫਤ ਕਰਨ ਦੀ ਪਛਾਣ ਪ੍ਰਦਾਨ ਕਰਦਾ ਹੈ। 
ਉਹ ਵੈਰੀ ਨੂੰ ਮਾੜ੍ਹਾ ਕਰਮ ਕਰਨ ਵੇਲੇ ਅੰਨ੍ਹਾ ਕਰ ਦਿੰਦਾ ਹੈ,
ਅਨਾਥਾ ਨੂੰ ਬਿਨਾਂ ਕਿਸੇ ਕਸ਼ਟ ਦੇ ਵੈਰੀਆਂ ਦੇ ਘੇਰੇ ‘ਚੋ ਬਾਹਰ ਕੱਢ ਦਿੰਦਾ ਹੈ। 
ਹਰ ਉਹ ਆਦਮੀ ਜੋ ਸਚਾਈ ਦੀ ਕਮਾਈ ਕਰਦਾ ਹੈ,
ਪਰਮੇਸ਼ਰ ਉਸ ਨਾਲ ਕ੍ਰਿਪਾ ਦਾ ਵਰਤਾਓ ਕਰਦਾ ਹੈ। 
ਜੋ ਕੋਈ ਦਿਲ ਅਤੇ ਜਾਨ ਨਾਲ ਉਸ ਦੀ ਸੇਵਾ ਵਿਚ ਆਉਂਦਾ ਹੈ,
ਪਰਮੇਸ਼ਰ ਉਸ ਉੱਤੇ ਸੁੱਖਾਂ ਭਰੀ ਬਖਸ਼ਿਸ਼ ਕਰਦਾ ਹੈ।
ਦੁਸ਼ਮਣ ਉਸ ਨਾਲ ਕੀ ਚਾਲਬਾਜ਼ੀ ਕਰ ਸਕਦਾ ਹੈ,
ਜਿਸ ਉੱਤੇ ਪਰਮੇਸ਼ਰ ਰਹਿਮ ਕਰਨ ਵਾਲਾ ਹੋਵੇ। 
ਜੇਕਰ ਇੱਕ ਉੱਤੇ ਇੱਕ ਲੱਖ ਬੰਦਾ ਚੜ੍ਹ ਕੇ ਆ ਜਾਵੇ,
ਤਾਂ ਰੱਬ ਆਪ ਉਸ ਦੀ ਰਖਵਾਲੀ ਕਰਦਾ ਹੈ। 
ਜੇ ਤੇਰੀ ਨਜ਼ਰ ਫੌਜ਼ ਅਤੇ ਧਨ-ਦੌਲਤ ਉੱਤੇ ਹੈ,
ਤਾਂ ਮੇਰੀ ਨਜ਼ਰ ਪਰਮੇਸ਼ਰ ਦਾ ਸ਼ੁਕਰ ਕਰਨ ਵੱਲ ਹੈ। 
ਜੇ ਤੈਨੂੰ ਮੁਲਕ ਅਤੇ ਮਾਲ ਦਾ ਹੰਕਾਰ ਹੈ,
ਤਾਂ ਮੈਨੂੰ ਪਰਮੇਸ਼ਰ ਦੀ ਓਟ ਦਾ ਮਾਣ ਹੈ। 
ਤੂੰ ਗਾਫਲ ਨਾ ਬਣ ਕਿਉਕਿ ਸੰਸਾਰ ਇੱਕ ਸਰਾਂ ਵਾਂਗ ਹੈ,
ਇਹ ਸੰਸਾਰ ਜਾਂ ਸਮਾਂ ਸਭ ਦੇ ਸਿਰ ਉੱਤੇ ਲੰਘਦਾ ਜਾ ਰਿਹਾ ਹੈ। 
ਤੂੰ ਇਸ ਜ਼ਮਾਨੇ ਦੀ ਬੇਵਫ਼ਾਈ ਦੇ ਚੱਕਰ ਨੂੰ ਦੇਖ,
ਕਿ ਇਹ ਹਰ ਮਕਾਨ ਅਤੇ ਮਕਾਨ ਵਿਚ ਰਹਿਣ ਵਾਲਿਆਂ ਉਪਰੋਂ ਲੰਘ ਰਿਹਾ ਹੈ। 
ਜੇ ਤੂੰ ਬਹੁਤ ਬਲਵਾਨ ਹੈ, ਤਾਂ ਗਰੀਬਾਂ ਨੂੰ ਦੁੱਖ ਨਾ ਦੇ,
ਆਪਣੀ ਕਸਮ ਦੇ ਤੇਸੇ ਨਾਲ ਉਹਨਾਂ ਦੀ ਛਿੱਲ ਨਾ ਲਾਹ। 
ਜੇ ਪਰਮੇਸ਼ਰ ਵਰਗਾ ਦੋਸਤ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ,
ਚਾਹੇ ਦੁਸ਼ਮਣ ਸੌ ਗੁਣਾ ਦੁਸ਼ਮਣੀ ਕਿਉ ਨਾ ਕਮਾਉਂਦਾ ਰਹੇ। 
ਜੇ ਵੈਰੀ ਇੱਕ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ 'ਚ ਵੀ ਚੜ੍ਹ ਆਵੇ,
ਤਾਂ ਵੀ ਉਹ ਉਸਦਾ ਇੱਕ ਵਾਲ਼ ਵੀ ਵਿੰਗਾ ਨਹੀਂ ਕਰ ਸਕਦਾ। 

ਸਮਾਪਤ।

Previous Post Link: ਸਿੱਖੀ ਦੀਆਂ ਬੁਨਿਆਦੀ ਗੱਲਾਂ। The Basics of Sikhi.


-------