27 May, 2019

ਧਰਮ ਵਿਚ ਪਾਖੰਡ, ਭਰਮ ਜਾਂ ਅੰਧਵਿਸ਼ਵਾਸ ਕਿਉ ਆਉਂਦਾ ਹੈ? Why does hypocrisy, illusion or superstitions come in religion?

Logical Reasoning, GurParsad, Gurmat, SatGur
ਧਰਮ ਵਿਚ ਪਾਖੰਡ, ਭਰਮ ਜਾਂ ਅੰਧਵਿਸ਼ਵਾਸ ਕਿਉ ਆਉਂਦਾ ਹੈ? Why does hypocrisy, illusion or superstitions come in religion?

ਧਰਮ ਵਿਚ ਪਾਖੰਡ, ਭਰਮ ਜਾਂ ਅੰਧਵਿਸ਼ਵਾਸ ਕਿਉ ਆਉਂਦਾ ਹੈ? Why does hypocrisy, illusion or superstitions come in religion?


ਜਦੋ ਧਰਮ ਦਾ ਅਸਲੀ ਗਿਆਨ ਨਹੀਂ ਹੁੰਦਾ ਜਾਂ ਉਸਦਾ ਪ੍ਰਚਾਰ ਨਹੀਂ ਰਹਿੰਦਾ ਤਾਂ ਧਰਮ ਵਿਚ ਪਾਖੰਡ ਅਤੇ ਅੰਧਵਿਸ਼ਵਾਸ (ਭਰਮ) ਸ਼ਾਮਿਲ ਹੋ ਜਾਂਦੇ ਹਨ। ਭਰਮ ਦੀ ਤਾਂ ਸਿੱਧੀ ਹੀ ਪਰਿਭਾਸ਼ਾ ਵਿਚ ਆਉਂਦਾ ਹੈ ਕਿ ਇਸਦਾ ਕਾਰਨ ਅਗਿਆਨਤਾ ਹੈ (Ignorance comes error)। 

ਅਸਲ ਵਿਚ ਇਹਨਾਂ ਦੇ ਧਰਮ ਵਿਚ ਆਉਣ ਦੇ ਕੁਝ ਕਾਰਨ ਹੋ ਸਕਦੇ ਹਨ। ਇਹ ਸਾਰੇ ਜਾਂ ਤਾਂ ਆਪਣੇ ਆਪ ਪੈਦਾ ਹੋ ਜਾਂਦੇ ਹਨ ਜਾਂ ਜਾਣ ਬੁਝ ਕੇ ਧਰਮ ਵਿਚ ਵਾੜੇ ਜਾਂਦੇ ਹਨ। ਦੂਜੀਆਂ ਹੋਰ ਮੱਤਾਂ ਦੇ ਪ੍ਰਭਾਵ ਨਾਲ ਵੀ ਇਹ ਕਾਰਨ ਪ੍ਰਭਾਵਿਤ ਹੁੰਦੇ ਹਨ। ਇਸਦੇ ਆਪਣੇ ਆਪ ਆਉਣ ਦੀ ਵਜ੍ਹਾ ਹੈ ਕਿ ਜਦੋ ਧਰਮ ਦਾ ਗਿਆਨ ਦੇਣ ਵਾਲਿਆਂ ਕੋਲ ਖੁਦ ਕੋਲ ਪੂਰਾ ਗਿਆਨ ਨਹੀਂ ਹੁੰਦਾ ਤਾਂ ਓਹਨਾ ਤੋਂ ਭਰਮ ਦਾ ਪ੍ਰਚਾਰ ਹੋ ਜਾਂਦਾ ਹੈ। ਧਰਮ ਦਾ ਪ੍ਰਚਾਰ ਉਹ ਤਾਂ ਹੀ ਕਰਨ ਜੇਕਰ ਖੁਦ ਨੂੰ ਧਰਮ ਦਾ ਪਤਾ ਹੋਵੇ। ਸਿੱਖ ਮੱਤ ਵਿਚ ਨਿਤਨੇਮ ਦਾ ਰਿਵਾਜ ਦੂਜੀਆਂ ਮੱਤਾਂ ਦੇ ਪ੍ਰਭਾਵ ਅਤੇ ਅਗਿਆਨਤਾ ਕਰਕੇ ਆਇਆ ਹੋਇਆ ਹੈ। 

ਦੂਜਾ ਕਾਰਨ ਇਹਨਾਂ ਨੂੰ ਪ੍ਰਚਾਰਕਾਂ ਜਾਂ ਧਰਮ ਦੇ ਠੇਕੇਦਾਰਾ ਦੁਆਰਾ ਜਾਣ ਬੁਝ ਕੇ ਵਾੜ ਦਿੱਤਾ ਜਾਂਦਾ ਹੈ ਕਿਉਕਿ ਇਹਨਾਂ ਨਾਲ ਓਹਨਾ ਦੀ ਕਮਾਈ ਹੋਰ ਵੀ ਵਧਦੀ ਹੈ। ਓਹਨਾ ਨੂੰ ਪਤਾ ਲਗ ਜਾਂਦਾ ਹੈ ਕਿ ਲੋਕਾਂ ਵਿਚ ਪਰਿਵਾਰਕ ਸੁਖ ਪ੍ਰਤੀ ਡਰ ਅਤੇ ਓਹਨਾ ਦੀਆਂ ਇੱਛਾਵਾਂ ਦੀ ਪੂਰਤੀ ਦੇ ਲਾਲਚ ਨੂੰ ਹੋਰ ਵਧਾਉਣ ਲਈ ਇਹ ਪਾਖੰਡ, ਭਰਮ ਜਾਂ ਅੰਧਵਿਸ਼ਵਾਸ ਜਰੂਰੀ ਹਨ। ਜਿਵੇਂ ਸੁਖ ਸੁੱਖਣੀ ਜਾਂ ਦਾਨ-ਪੁੰਨ ਕਰਨਾ। ਕਮਾਈ ਤੋਂ ਇਲਾਵਾ ਇੱਕ ਪੱਖ ਇਹ ਵੀ ਹੈ ਕਿ ਪ੍ਰਚਾਰਕ ਜਾਂ ਧਰਮ ਦੇ ਠੇਕੇਦਾਰ ਆਪਣਾ ਨੰਗ ਲਕਾਉਣ ਲਈ ਵੀ ਪਾਖੰਡ ਪੈਦਾ ਕਰਦੇ ਹਨ। ਆਪਣਾ ਨੰਗ ਲਕਾਉਣ ਤੋਂ ਭਾਵ ਹੈ ਕਿ ਓਹਨਾ ਕੋਲ ਧਰਮ ਦਾ ਪੂਰਾ ਗਿਆਨ ਨਹੀਂ ਹੈ ਤਾਂ ਉਹ ਲੋਕਾਂ ਵਿਚ ਅਜਿਹੇ ਸ਼ਿਕਵੇ ਖੜੇ ਕਰਕੇ ਓਹਨਾ ਨੂੰ ਉਲਝਾਈ ਰੱਖਦੇ ਹਨ ਕਿ ਓਹਨਾ ਦਾ ਧਿਆਨ ਧਰਮ ਦੇ ਅਸਲ ਮੁੱਦੇ ਤੇ ਆਵੇ ਹੀ ਨਾ। ਜਿਵੇ ਧਰਮ ਆਤਮਿਕ ਪੱਧਰ ਦਾ ਵਿਸ਼ਾ ਹੈ, ਪਰ ਇਸ ਵਿਚ ਮਾਸ ਖਾਣਾ ਜਾਂ ਨਾ ਖਾਣਾ ਇੱਕ ਅਜਿਹਾ ਅੰਧ ਵਿਸ਼ਵਾਸ ਹੈ ਕਿ ਜਿਸਦਾ ਧਰਮ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਪਰ ਪ੍ਰਚਾਰਕਾਂ ਅਤੇ ਅਖੌਤੀ ਧਰਮੀਆਂ ਨੇ ਇਸਨੂੰ ਧਰਮ ਨਾਲ ਜੋੜ ਕੇ ਲੋਕਾਂ ਨੂੰ ਅਜਿਹਾ ਉਲਝਾਇਆ ਹੋਇਆ ਹੈ ਕਿ ਹੁਣ ਓਹਨਾ ਦਾ ਨਿਕਣਾ ਔਖਾ ਹੋ ਗਿਆ ਹੈ। ਹਿੰਦੂ ਮੱਤ, ਅਖੌਤੀ ਸਿਖਾਂ ਦੀਆਂ ਕੁਝ ਸੰਸਥਾਵਾਂ ਅਤੇ ਰਾਧਾ ਸਵਾਮੀ  ਇਸੇ ਤਰਾਂ ਹੀ ਲੋਕਾਂ ਨੂੰ ਉਲਝਾ ਰਹੇ ਹਨ, ਜਿਸਨੂੰ ਧਰਮ ਦੀ ਭਾਸ਼ਾ ਵਿਚ ਬ੍ਰਹਮ ਹੱਤਿਆ ਕਹਿੰਦੇ ਹਨ। ਗੁਰਬਾਣੀ ਵਿਚ ਇਸ ਤਰਾਂ ਦੇ ਲੋਕਾਂ ਨੂੰ 'ਅਸੰਖ ਚੋਰ ਹਰਾਮਖੋਰ' ਕਿਹਾ ਗਿਆ ਹੈ ਜੋ ਧਰਮ ਨਾਲ ਹਰਾਮਖੋਰੀ ਕਰ ਰਹੇ ਹਨ ਅਤੇ ਪਿਛੇ ਲੱਗਣ ਵਾਲੇ ਲੋਕਾਂ ਨੂੰ 'ਅਸੰਖ ਮੂਰਖ ਅੰਧਘੋਰ' ਕਿਹਾ ਹੈ ਜੋ ਅਗਿਆਨਤਾ ਵਿਚ ਅੰਨ੍ਹੇ  ਹੋ ਕੇ ਇਹਨਾਂ ਮਗਰ ਲੱਗ ਕੇ ਮੂਰਖ ਬਣ ਰਹੇ ਹਨ। 

ਸਿੱਖ ਮੱਤ ਕੋਈ ਵੱਖਰੀ ਮੱਤ ਨਹੀਂ ਸੀ। ਇਹ ਪੁਰਾਤਨ ਚੱਲ ਰਹੀਆਂ ਦੋ ਮੱਤਾਂ ਹਿੰਦੂ ਮੱਤ ਅਤੇ ਇਸਲਾਮ ਮੱਤ ਵਿਚ ਪੈਦਾ ਹੋ ਚੁੱਕੇ ਪਾਖੰਡ ਅਤੇ ਅਗਿਆਨਤਾ ਜਾਂ ਭਰਮ ਨੂੰ ਦੂਰ ਕਰਕੇ ਸੱਚ ਦਾ ਰਸਤਾ ਦੋਬਾਰਾ ਲੱਭਣ ਵਾਲੀ ਮੱਤ ਸੀ। ਇਸ ਲਈ ਇਹ ਮੱਤ ਦੋਨਾਂ ਮੱਤਾਂ ਦੀ ਅਸਲੀਅਤ ਸੀ ਅਤੇ ਅਸਲੀਅਤ ਕਦੇ ਵੱਖਰੀ ਨਹੀਂ ਹੋ ਸਕਦੀ। ਸਾਰੀ ਗੁਰਬਾਣੀ ਵਿਚ ਇਹਨਾਂ ਪੁਰਾਤਨ ਦੋਨਾਂ ਮੱਤਾਂ ਨੂੰ ਵਾਰ-ਵਾਰ ਉਪਦੇਸ਼ ਦਿੱਤਾ ਗਿਆ ਹੈ। ਪਰ ਇਸ ਮੱਤ ਵਿਚ ਵੀ ਹੁਣ ਪਾਖੰਡ ਅਤੇ ਅੰਧਵਿਸ਼ਵਾਸ ਵਾੜ ਕੇ ਦੂਸ਼ਿਤ ਕਰ ਦਿੱਤਾ ਗਿਆ ਹੈ। ਇਸ ਮੱਤ ਵਿਚ ਭਰਮ ਜਾਂ ਪਾਖੰਡ, ਜੋ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਕਰਮ ਹਨ ਉਹ ਦੂਜੀਆਂ ਦੋਨਾਂ ਮੱਤਾਂ ਦੇ ਪ੍ਰਭਾਵ ਕਰਕੇ ਹੀ ਆਏ ਹਨ, ਜਿਹਨਾਂ ਨੂੰ ਲੋਕ ਇਸ ਸੱਚ ਦੀ ਸਿਖਿਆ ਅਤੇ ਅਸਲੀਅਤ ਵਾਲੀ ਮੱਤ ਦੇ ਕਰਮ ਸਮਝ ਰਹੇ ਹਨ। ਗ੍ਰੰਥ ਨੂੰ ਚੌਰ ਝੱਲਣਾ, ਪੁਸ਼ਾਕਾਂ ਦੇਣੀਆਂ(ਰੁਮਾਲੇ ਝੜਾਉਣੇ), ਗ੍ਰੰਥ ਨੂੰ ਭੋਗ ਲਵਾਉਣਾ, ਗ੍ਰੰਥ ਨੂੰ ਮੱਥਾ ਟੇਕਣਾ ਆਦਿ ਇਹ ਸਾਰਾ ਕੁਝ ਓਹੀ ਹੈ ਜੋ ਹਿੰਦੂ ਮੱਤ ਵਿਚ ਮੂਰਤੀ ਨਾਲ ਕੀਤਾ ਜਾਂਦਾ ਹੈ, ਬਿਲਕੁਲ ਇਨ-ਬਿਨ। 

ਕਿਸੇ ਸਿਆਣੇ ਜਾਂ ਸੁਰਤਿ ਵਾਲੇ ਬੰਦੇ ਮੂਹਰੇ ਹੁਣ ਇਹ ਸਵਾਲ ਖੜਾ ਹੋਵੇਗਾ ਕਿ ਜੇਕਰ ਇਹ ਸਾਰੇ ਪਖੰਡ ਹਨ ਤਾਂ ਧਰਮ ਦਾ ਅਸਲੀ ਕਰਮ ਕੀ ਹੋਇਆ ਫਿਰ? ਇਸਦਾ ਜਵਾਬ ਇਹ ਹੈ ਕਿ ਧਰਮ ਦਾ ਸਿਰਫ ਤੇ ਸਿਰਫ ਇੱਕ ਹੀ ਕਰਮ ਹੈ ਜੋ ਕਿ ਆਤਮਿਕ ਪੱਧਰ ਤੇ ਹੁੰਦਾ ਹੈ ਸਰੀਰ ਨਾਲ ਉਸਦਾ ਕਿ ਸੰਬੰਧ ਹੀ ਨਹੀਂ ਹੈ। ਉਹ ਗੁਰ ਕੀ ਸੇਵਾ ਭਾਵ ਸਤਿਗੁਰ ਕੀ ਸੇਵਾ ਹੈ ਜੋ ਕਿ ਸ਼ਬਦ ਵਿਚਾਰ ਹੁੰਦੀ ਹੈ ਜਿਸਨੂੰ ਆਮ ਭਾਸ਼ਾ ਵਿਚ ਵਿਚਾਰਨਾ ਜਾਂ ਆਤਮਿਕ ਚਿੰਤਨ ਜਾਂ ਵਿਵੇਕ ਵਿਚਾਰ ਕਹਿੰਦੇ ਹਨ।

ਗੁਰ ਕੀ ਸੇਵਾ ਸਬਦੁ ਵੀਚਾਰੁ ॥

ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ 

ਸਿੱਖ ਮੱਤ ਵਿਚ ਇੱਕ ਹੀ ਕੰਮ ਕਰਨ ਨੂੰ ਕਿਹਾ ਗਿਆ ਹੈ ਉਹ ਇਹ ਕਿ ਗੁਰ ਤੋਂ ਹੀ ਸਿਖਿਆ ਲੈਣੀ, ਵਿਵੇਕ ਤੋਂ ਹੀ ਗਿਆਨ ਲੈਣਾ, ਵਿਚਾਰ ਕੇ ਅਸਲੀਅਤ ਨੂੰ ਜਾਨਣਾ।

ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤੁ ਲਾਇ 

ਸਿਰਫ ਇਹੀ ਇੱਕੋ ਇੱਕ ਕਰਮ ਹੈ ਕਿਸੇ ਵੀ ਮੱਤ ਦਾ ਅਸਲ ਵਿਚ। ਬਾਕੀ ਇਸ ਤੋਂ ਇਲਾਵਾ ਹੋਰ ਸਾਰੇ ਨਕਲੀ ਹਨ, ਪਾਖੰਡ ਅਤੇ ਅੰਧਵਿਸ਼ਵਾਸ ਹਨ। ਇਹੀ ਅਸਲੀ ਕਰਮ ਹੈ। ਇਹੀ ਅਸਲੀ ਸੇਵਾ ਹੈ। ਸੇਵਾ ਉਸ ਕਰਮ ਨੂੰ ਕਹਿੰਦੇ ਹਨ ਜਿਸਦਾ ਫਲ ਮਿਲਦਾ ਹੀ ਮਿਲਦਾ ਹੈ। ਸੇਵਾ ਵਿਚ ਗਿਆਨ ਰੂਪੀ ਫਲ ਮਿਲਣਾ ਲਾਜਮੀ ਹੈ, ਜੇਕਰ ਕੋਈ ਵੀ ਸੇਵਾ ਕਰਨ ਤੇ ਗਿਆਨ ਫਲ ਨਾ ਮਿਲੇ ਤਾਂ ਉਹ ਧਰਮ ਦਾ ਕਰਮ ਨਹੀਂ ਪਾਖੰਡ ਜਾਂ ਕੋਈ ਸੰਸਾਰਿਕ ਕੰਮ ਹੀ ਹੈ, ਭਾਵੇ ਉਹ ਕਿਸੇ ਗੁਰਦੁਆਰੇ ਵਿਚ ਝਾੜੂ ਲਗਾਉਣਾ ਹੋਵੇ, ਧਾਰਮਿਕ ਇਮਾਰਤ ਦਾ ਕੰਮ ਜਾਂ ਲੰਗਰ ਹਾਲ ਵਿਚ ਕੋਈ ਕੰਮ ਹੀ ਕਿਉ ਨਾ ਹੋਵੇ। ਇਹ ਮੇਰੇ ਆਪਣੇ ਵਿਚਾਰ ਨਹੀਂ ਹਨ ਇਹ ਗੁਰ ਤੋਂ ਮਿਲੀ ਸਿਖਿਆ ਹੈ, ਜੋ ਗੋਬਿੰਦ ਸਿੰਘ ਜੀ ਨੇ ਵੀ ਲਿਖੇ ਹੋਈ ਹੈ। ਉਹ ਧਰਮ ਜਾਂ ਸੇਵਾ ਫੋਕੀ ਹੈ ਪਾਖੰਡ ਹੈ ਜਿਸਤੋ ਕੋਈ ਫਲ ਨਹੀਂ ਮਿਲਦਾ।

ਸਭ ਕਰਮ ਫੋਕਟ ਜਾਨ ॥ ਸਭ ਧਰਮ ਨਿਹਫਲ ਮਾਨ ॥
ਬਿਨ ਏਕ ਨਾਮ ਅਧਾਰ ॥ ਸਭ ਕਰਮ ਭਰਮ ਬਿਚਾਰ ॥

ਫੋਕਟ ਕਰਮ ਨਿਹਫਲ ਹੈ ਸੇਵ॥੨॥ (ਮਹਲਾ ੫, ਪੰਨਾ ੧੧੬0)

ਅਸੀਂ ਸਿੱਖ ਸੱਚ ਦੇ ਗੁਰ ਭਾਵ ਸਤਿਗੁਰ ਦੇ ਬਣਨਾ ਹੈ ਨਾ ਕਿ ਕਿਸੇ ਬੰਦੇ ਜਾਂ ਗ੍ਰੰਥ ਦੇ। ਇਹ ਗੱਲ ਸੁਣਨ ਵਿਚ ਬਹੁਤ ਕੌੜੀ ਹੈ ਪਰ ਸਾਡੀ ਹਉਮੈ ਨੂੰ ਭੰਨਣ ਦੇ ਸਮਰੱਥ ਹੈ। 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...

ਗੁਰ ਵਿਚਾਰਾਂ। Logical Reasonings

Logical Reasoning, GurParsad, Gurmat, SatGur