23 March, 2019

ਪਹੁਲ ਕੀ ਹੈ ਜਿਸਨੂੰ ਅੰਮ੍ਰਿਤ ਛਕਣਾ ਕਿਹਾ ਜਾਣ ਲੱਗ ਪਿਆ ਹੈ? What is Pahul, What is Amrit Chhakna?

Logical Reasoning, GurParsad, Gurmat, SatGur

ਪਹੁਲ ਕੀ ਹੈ ਜਿਸਨੂੰ ਅੰਮ੍ਰਿਤ ਛਕਣਾ ਕਿਹਾ ਜਾਣ ਲੱਗ ਪਿਆ ਹੈ? What is Pahul, What is Amrit Chhakna?


ਭੂਮਿਕਾ

ਇਹ ਕਹਾਣੀ ਹੈ ਇਨਸਾਨੀਅਤ ਦੀ ਅਸਲੀਅਤ ਦੀ, ਦੁਨੀਆ ਦੇ ਸੱਚ ਦੀ, ਜਿਸਨੂੰ ਸਮੇ ਸਮੇ ਤੇ ਉਹ ਲੋਕ ਸਾਹਮਣੇ ਲਿਆਉਂਦੇ ਰਹੇ ਜਿਹਨਾਂ ਜਿਹਨਾਂ ਨੂੰ ਇਸਦੀ ਸਮਝ ਆਈ। ਉਹਨਾਂ ਨੂੰ ਲੋਕ ਬੋਲੀ ਵਿਚ ਭਗਤ ਜਾਂ ਜਨ ਜਾਂ ਗੁਰੂ ਕਿਹਾ ਜਾਂਦਾ ਹੈ। ਸੱਚ ਦੀ ਵਿਚਾਰਧਾਰਾ ਵਿਚ ਜਦੋ ਸੱਚ ਦੱਸਿਆ ਜਾਂਦਾ ਹੈ ਤਾਂ ਝੂਠ ਆਪਣੇ ਆਪ ਨੰਗਾ ਹੋ ਜਾਂਦਾ ਹੈ ਅਤੇ ਝੂਠ ਤੇ ਅੰਧਵਿਸ਼ਵਾਸ ਵਿਚ ਅੰਨ੍ਹੇ ਹੋਏ ਲੋਕ ਇਸਦਾ ਵਿਰੋਧ ਕਰਦੇ ਹਨ। ਇਸ ਲਈ ਹਰ ਵਾਰ ਓਹਨਾ ਨੂੰ ਸਮੇਂ ਦੀ ਹਕੂਮਤ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਕਿ ਹਕੂਮਤ ਤੇ ਲੋਕ ਕੂੜ੍ਹ ਦੇ ਹਾਮੀ ਹੁੰਦੇ ਹਨ।

ਇਹਨਾਂ ਸੱਚ ਦੇ ਸਿਪਾਹੀਆਂ ਦੀ List ਤਾਂ ਬਹੁਤ ਲੰਬੀ ਹੈ ਪਰ ਜੇਕਰ ਲਿਖਤ ਨੂੰ ਸਬੂਤ ਮਨੀਏ ਤਾਂ ਕਬੀਰ ਸਾਨੂੰ ਅਜਿਹਾ ਪਹਿਲਾ ਸੱਚ ਦਾ ਸਿਪਾਹੀ ਜਾਂ ਭਗਤ ਮਿਲਦਾ ਹੈ ਜਿਸਦੀ ਲਿਖਤ ਸਾਡੇ ਕੋਲ ਅੱਜ ਵੀ ਹੈ। ਉਸ ਤੋਂ ਬਾਅਦ ਇਸ ਲਿਸਟ ਵਿਚ ਨਾਮ ਜੁੜਦੇ ਗਏ ਅਤੇ ਉਹ ਆਪਣੀਆਂ ਬਾਣੀਆਂ ਵੀ ਲਿਖ ਕੇ ਦਿੰਦੇ ਰਹੇ।

ਜਦੋ ਸੱਚ ਦੀ ਗੱਲ ਹੁੰਦੀ ਹੈ ਤਾਂ ਇਹ ਸਮਾਜਿਕ ਰੀਤੀ ਰਿਵਾਜਾਂ ਦੇ ਵਿਰੁੱਧ ਹੁੰਦੀ ਹੈ ਜਿਸ ਕਰਕੇ ਦੁਨੀਆ ਦਾ ਸੱਚ ਦੱਸਣ ਵਾਲਿਆਂ ਨੂੰ ਲੋਕਾਂ ਦਾ ਅਤੇ ਹਕੂਮਤਾਂ ਦਾ ਵਿਰੋਧ ਸਹਿਣਾ ਪੈਦਾ ਹੈ ਅਤੇ ਤਸੀਹੇ ਵੀ ਝੱਲਣੇ ਪੈਂਦੇ ਹਨ। ਪਰ ਜਦੋ ਸੱਚ ਨੂੰ ਕਬੂਲਣ ਵਾਲਿਆਂ ਦੀ ਸੰਖਿਆ ਵੀ ਵੱਧ ਗਈ ਤਾਂ ਇਹਨਾਂ ਸੱਚ ਦੇ ਸਿਪਾਹੀਆਂ ਨੇ ਵੀ ਤਲਵਾਰ ਚੱਕ ਲਈ ਜਿਸ ਵਿਚ ਸਭ ਤੋਂ ਪਹਿਲਾ ਨਾਮ ਹਰਗੋਬਿੰਦ ਆਉਂਦਾ ਹੈ। ਓਹਨਾ ਨੇ ਵਿਰੋਧੀਆਂ ਦੇ ਵਿਰੋਧ ਦੇ ਰੂਪ ਵਿਚ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਯੁੱਧ ਕੀਤੇ, ਪਰ ਇਸ ਯੁੱਧ ਦੇ ਯੋਧਿਆਂ ਦੀ ਕਿਸੇ ਖਾਸ ਫੌਜ ਦੇ ਰੂਪ ਵਿਚ ਕੋਈ ਨਿਸ਼ਾਨੀ ਜਾਂ ਪਹਿਚਾਣ ਨਹੀਂ ਸੀ।

ਪਹੁਲ ਦੇਣ ਦੀ ਲੋੜ ਜਾਂ ਕਾਰਨ

ਜੋ ਆਪ ਖਾਲਸਾ ਹੋ ਗਿਆ ਉਸਨੇ ਹੁਣ ਪਰਮੇਸ਼ਰ ਦਾ ਕੰਮ ਕਰਨਾ ਹੁੰਦਾ ਹੈ। ਇਸ ਦੁਨੀਆ ਤੇ ਸੱਚ ਦਾ ਪ੍ਰਚਾਰ ਕਰਨਾ ਹੁੰਦਾ ਹੈ। ਇਹੀ ਖਾਲਸਾ ਫੌਜ ਬਣਾਉਣ ਕਾਰਨ ਹੈ ਤੇ ਕੰਮ ਹੈ।

ਇਹਨਾਂ ਸੱਚ ਦੇ ਸਿਪਾਹੀਆਂ ਦੀ List ਦਾ ਇਕ ਹੋਰ ਸਿਪਾਹੀ ਗੋਬਿੰਦ ਰਾਏ (ਸੋਢੀ ਖੱਤਰੀ) ਹੋਇਆ, ਜਿਸਨੇ ਆਪਣੀਆਂ ਕ੍ਰਾਂਤੀਕਾਰੀ ਰਚਨਾਵਾਂ ਰਾਹੀਂ ਭਗਤ ਕਬੀਰ ਵਾਂਗੂ ਰੱਜ ਕੇ ਝੂਠ, ਪਖੰਡਬਾਦ, ਅਤੇ ਅੰਧਵਿਸ਼ਵਾਸ ਦਾ ਵਿਰੋਧ ਕੀਤਾ।  ਜਿਸ ਕਰਕੇ ਓਹਨਾ ਦੇ ਵਿਰੋਧੀਆਂ ਦੀ ਗਿਣਤੀ ਹੋਰ ਵੀ ਵੱਧ ਗਈ, ਜਿਸਨੂੰ ਦੇਖਦੇ ਹੋਏ ਓਹਨਾ ਨੂੰ ਇਕ ਨਵੀਂ ਫੌਜ ਤਿਆਰ ਕਰਨ ਲਈ ਮਜਬੂਰ ਹੋਣਾ ਪਿਆ ਜੋ ਸੱਚ ਦੇ ਵਿਰੋਧ ਵਿਚ ਅੱਤਿਆਚਾਰ ਕਰਨ ਵਾਲਿਆਂ ਨਾਲ ਲੜ ਸਕੇ। 

ਪਹੁਲ ਕੀ ਹੈ?

ਪਹੁਲ ਉਹ ਰਸਮ ਹੈ ਜਿਸ ਵਿਚ ਇਕ ਸਿੱਖ ਨੂੰ ਧਰਤੀ ਤੇ ਪਰਮੇਸ਼ਰ ਦੇ ਕੰਮ (ਸੱਚ ਦਾ ਪ੍ਰਚਾਰ) ਦੀ ਜਿੰਮੇਵਾਰੀ ਲੈਣੀ ਪੈਂਦੀ ਹੈ ਕਿ ਉਹ ਸੱਚ ਅਤੇ ਸੱਚ ਦੇ ਪ੍ਰਚਾਰ ਦਾ ਰੱਖਿਅਕ ਹੈ। ਇਸੇ ਲਈ ਖਾਲਸਾ ਪਰਮੇਸ਼ਰ ਦਾ ਫੌਜੀ ਤੇ ਸੱਚ ਦਾ ਝੰਡਾ ਬਰਦਾਰ ਹੁੰਦਾ ਹੈ। ਖਾਲਸਾ ਸ਼ਬਦ ਖਾਲਸ ਤੋਂ ਬਣਿਆ ਹੈ ਜਿਸਦਾ ਅਰਥ ਹੁੰਦਾ ਹੈ ਪਵਿੱਤਰ। ਖਾਲਸਾ ਸ਼ਬਦ ਸਭ ਤੋਂ ਪਹਿਲਾਂ ਕਬੀਰ ਜੀ ਨੇ ਵਰਤਿਆ ਹੋਇਆ ਹੈ ਤੇ ਓਹਨਾ ਨੇ ਹੀ ਇਸਦੀ ਪਰਿਭਾਸ਼ਾ ਦਿੱਤੀ ਹੈ ਜੋ ਕਿ 'ਆਦਿ ਗ੍ਰੰਥ ਸਾਹਿਬ' ਵਿਚ ਦਰਜ ਹੈ। 

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥ (ਆਦਿ ਗ੍ਰੰਥ Page 654)
ਉਹ ਲਿਖਦੇ ਹਨ ਕਿ ਉਹ ਵਿਅਕਤੀ ਖਾਲਸਾ ਹੋ ਜਾਂਦਾ ਹੈ ਜਿਸਨੇ ਆਪਣੇ ਆਪ ਨੂੰ ਪਛਾਣ ਕੇ ਆਪਣੇ ਉਸ ਅਸਲੀ ਰੂਪ ਨਾਲ ਮਿਲਣਾ ਜਾਣ ਲਿਆਂ ਹੈ। ਇਹੀ ਅਸਲੀ ਭਗਤੀ ਹੁੰਦੀ ਹੈ।

ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥ ਪੰਨਾ 1240

ਜਿਸ ਤਰਾਂ ਰਾਜਾ ਨਿਆ ਕਰਨ ਲਈ ਰਾਜ ਗੱਦੀ ਤੇ ਬੈਠਣ ਤੋਂ ਪਹਿਲਾਂ commitment ਦੇ ਤੌਰ ਤੇ ਚੂਲੀ ਲੈਂਦਾ ਸੀ, ਜਮਾ ਉਸੇ ਤਰਾਂ ਸਿੱਖ ਤੋਂ ਖਾਲਸਾ ਫੌਜ ਦਾ ਮੈਂਬਰ ਬਣਾਉਣ ਲਈ ਪਾਹੁਲ ਦਿੱਤੀ ਗਈ, ਕਿਉਕਿ ਹੁਣ ਇਸ ਪੰਥ ਦੇ ਫੌਜੀ ਨੇ ਸੱਚ ਦੇ ਪ੍ਰਚਾਰ ਦੀ ਜਿੰਮੇਵਾਰੀ ਨਿਭਾਉਣੀ ਸੀ। ਇਸ ਲਈ ਚੂਲੀ ਜਾਂ ਪਾਹੁਲ ਇਸ ਪੰਥ ਤੇ ਚਲਣ ਵਾਲੇ ਫੌਜੀ ਦੀ ਇਕ commitment ਹੈ ਤਾਂ ਕਿ ਉਹ ਇਮਾਨਦਾਰੀ ਨਾਲ ਸੱਚ ਦਾ ਪ੍ਰਚਾਰ ਕਰੇ ਅਤੇ ਆਪਣੀ Duty ਨਾਲ ਨਿਆ ਕਰੇ।

ਇਹ ਉਹੀ commitment ਹੈ ਜਿਹੜੀ ਕੋਈ ਮੰਤਰੀ ਅਹੁਦਾ ਸੰਭਾਲਣ ਤੋਂ ਪਹਿਲਾਂ ਸੌਂਹ ਚੁੱਕਦੇ ਨੇ ਜਾਂ ਫੇਰ ਕਿਸੇ ਦੇਸ਼ ਦੀ ਫੌਜ ਜਾਂ ਪੁਲਿਸ ਦੀ duty ਸੰਭਾਲਣ ਤੋਂ ਪਹਿਲਾਂ ਸੌਂਹ ਚੁੱਕੀ ਜਾਂਦੀ ਹੈ ਕਿ ਅਸੀਂ ਆਪਣੀ duty ਪ੍ਰਤੀ ਵਫ਼ਾਦਾਰ ਰਹਾਂਗੇ।

ਚੂਲੀ ਦੇਣ ਤੋਂ ਪਹਿਲਾਂ ਸਿਰ ਮੰਗਿਆ ਸੀ। ਗੁਰਮਤਿ ਵਿਚ ਸਿਰ ਦੇਣ ਤੋਂ ਭਾਵ ਆਪਣੀ ਮਰਜੀ ਦੇਣਾ ਹੁੰਦਾ ਹੈ। ਇਸ ਦਾ ਮਤਲਬ ਇਹ ਕਿ ਹੁਣ ਖਾਲਸਾ ਬਣਨ ਤੋਂ ਬਾਅਦ ਸਿੱਖ ਦੀ ਕੋਈ ਆਪਣੀ ਮਰਜੀ ਨਹੀਂ ਰਹਿ ਗਈ ਤੇ ਨਾ ਹੀ ਉਸਦਾ ਆਪਣਾ ਕੋਈ ਘਰ-ਬਾਰ। ਇਸੇ ਲਈ ਠੋਕ ਵਜਾ ਕੇ ਸਿਰ ਮੰਗਿਆ ਸੀ ਤਾਂ ਕਿ ਕੋਈ ਜਿਗਰੇ ਵਾਲਾ ਹੀ ਉਠੇ, ਨਾਲੇ ਸਿਰ ਸਿਰਫ ਮੰਗਿਆ ਸੀ ਵੱਢਿਆ ਨਹੀਂ ਸੀ। ਇਹ ਸਿਰਫ ਇਕ ਕੌਤਕ (ਡਰਾਮਾ) ਹੀ ਸੀ ਸੱਚ ਨੂੰ ਪਰਖਣ ਦਾ।

ਅੱਜ ਕਲ ਇਹ ਪਹੁਲ ਅੰਮ੍ਰਿਤ ਛਕਣਾ ਬਣ ਗਈ, ਪਰ ਭੋਲੇ ਸਿਖਾਂ ਨੂੰ ਇਹ ਨਹੀਂ ਪਤਾ ਕਿ ਅੰਮ੍ਰਿਤ ਤਾਂ ਨਾਮੁ ਹੁੰਦਾ ਹੈ, ਉਹ ਆਤਮਿਕ ਗਿਆਨ ਜਿਸ ਨਾਲ ਜਿਉਣ ਮਰਨ ਦਾ ਭਰਮ ਚੱਕ ਹੁੰਦਾ ਹੈ। ਮੈਨੂੰ ਇਹ ਕਹਿੰਦੇ ਹੋਏ ਬਿਲਕੁਲ ਸ਼ਰਮ ਨਹੀਂ ਆ ਰਹੀ ਕਿ ਅੱਜ ਕੱਲ ਅੰਮ੍ਰਿਤ ਛਕਣਾ ਕੇਵਲ ਭੇਖ ਬਣਕੇ ਰਹਿ ਗਿਆ ਜਿਸ ਤਰਾਂ ਨਾਨਕ ਸਮੇ ਜਨੇਊ ਹੋ ਗਿਆ ਸੀ।

5 ਨਿਸ਼ਾਨੀਆਂ ਜਾਂ ਵਰਦੀ

ਜਿਸ ਤਰਾਂ ਹਰੇਕ ਰਾਜੇ ਦੇ ਰਾਜ ਦਾ ਕਾਨੂੰਨ ਅਤੇ ਫੌਜ ਦਾ ਆਪਣਾ ਖਾਸ ਪਹਿਰਾਵਾ ਹੁੰਦਾ ਸੀ ਉਸੇ ਤਰਾਂ ਇਸ ਫੌਜ ਦੇ Master Mind ਗੋਬਿੰਦ ਰਾਏ ਨੇ ਇਸ ਪੰਥ ਦਾ ਵੀ ਕਾਨੂੰਨ ਬਣਾਇਆ ਕਿ ਕੇਵਲ ਤੇ ਕੇਵਲ ਸੱਚ ਦਾ ਪ੍ਰਚਾਰ ਕੀਤਾ ਜਾਵੇ ਅਤੇ ਵਿਰੋਧ ਨਾ ਸਹਿੰਦੇ ਹੋਏ ਆਪਣੀ ਰੱਖਿਆ ਆਪ ਕੀਤੀ ਜਾਵੇ।

ਇਸ ਪੰਥ ਦੇ ਕਾਨੂੰਨ ਵਿਚ ਸਭ ਨੂੰ ਬਰਾਬਰਤਾ ਦਾ ਅਧਿਕਾਰ ਭਾਵ ਸਾਰੇ ਹੀ ਰਾਜੇ ਹੋਣ। ਇਸ ਫੌਜ ਦੇ ਸਿਪਾਹੀਆਂ ਦੇ ਸਾਰਿਆਂ ਦੇ ਚੋਲੇ ਪਹਿਨੇ ਹੋਣ ਜੋ ਉਸ ਸਮੇ ਕੇਵਲ ਰਾਜਾ ਜਾਂ ਖੱਤਰੀ ਹੀ ਪਹਿਨ ਸਕਦੇ ਸੀ। ਸਭ ਨੂੰ 3 ਹੋਰ ਨਿਸ਼ਾਨੀਆਂ ਦੇ ਕੇ ਕੁਲ 5 ਨਿਸ਼ਾਨੀਆਂ ਦਿਤੀਆਂ ਗਈਆਂ।

ਭਾਵੇ ਬਾਅਦ ਵਿਚ ਇਹਨਾਂ ਨੂੰ ਕੁਝ ਜਿਆਦਾ ਹੀ ਸਿਆਣੇ ਵਿਦਵਾਨਾਂ ਨੇ ਪੰਜ ਕਕਾਰ ਦਾ ਨਾਮ ਦੇ ਦਿੱਤਾ ਪਰ ਦਸਮ ਪਾਤਸ਼ਾਹ ਨੇ ਇਹਨਾਂ ਨੂੰ ਮੁੰਦ੍ਰਕਾ (ਨਿਸ਼ਾਨੀ) ਕਿਹਾ ਹੈ। ਓਹਨਾ ਨੇ ਆਪ ਇਹ ਮੰਨਿਆ ਹੋਇਆ ਕਿ ਓਹਨਾ ਨੇ ਕੇਵਲ 3 ਹੀ ਨਿਸ਼ਾਨੀਆਂ ਦਿੱਤੀਆਂ। ਫਿਰ ਵਿਚਾਰਨ ਤੇ ਸਮਝ ਆਉਂਦੀ ਕਿ 2 ਤਾਂ ਪਹਿਲਾਂ ਤੋਂ ਹੀ ਚਲਦੀਆਂ ਆ ਰਹੀਆਂ ਸੀ। ਪੱਗ ਨਿਸ਼ਾਨੀ ਬਾਬੇ ਨਾਨਕ ਤੋਂ ਚਲਦੀ ਆ ਰਹੀ ਸੀ। ਪੱਗ ਪੰਜਾਬ ਖਿੱਤੇ ਦੇ ਲੋਕਾਂ ਦੇ ਪਹਿਰਾਵੇ ਵਿਚ ਆਉਂਦੀ ਸੀ।  Western culture ਦੇ ਪ੍ਰਭਾਵ ਕਰਕੇ ਹੁਣ ਕੁਝ ਵਰਗ ਪੱਗ ਨਹੀਂ ਬੰਨਦੇ ਪਰ ਪਹਿਲਾਂ ਪੁਰਾਤਨ ਪੰਜਾਬ ਦੇ ਹਰ ਵਰਗ ਦੇ ਪੰਜਾਬੀ ਪੱਗ ਬੰਨਦੇ ਸੀ। ਕਿਰਪਾਲ ਨਿਸ਼ਾਨੀ ਹਰਗੋਬਿੰਦ ਜੀ ਨੇ ਦਿੱਤੀ ਜਦੋ ਮੀਰੀ ਦੀ ਲੋਹੇ ਵਾਲੀ  ਕਿਰਪਾਨ ਪਹਿਨੀ ਸੀ। ਇਹ ਆਤਮ ਰੱਖੀਆਂ ਦੀ ਨਿਸ਼ਾਨੀ ਹੈ।

ਦਸਮ ਪਾਤਸ਼ਾਹ ਨੇ ਜੋ ਨਿਸ਼ਾਨੀਆਂ ਦਿੱਤੀਆਂ ਓਹਨਾ ਵਿਚ ਕੜਾ, ਕੱਛ ਅਤੇ ਕੰਗਾ ਸੀ।

ਕੜਾ as a reminder ਨਿਸ਼ਾਨੀ ਦਿੱਤਾ ਗਿਆ ਤਾਂ ਕਿ ਕਿਰਪਾਨ ਸਿਰਫ ਸੱਚ ਅਤੇ ਆਤਮਿਕ ਰੱਖਿਆ ਲਈ ਹੀ ਉਠੇ ਨਾ ਕਿ ਅੱਤਿਆਚਾਰ ਲਈ। ਕੱਛ ਇਕ ਖੁੱਲੀ ਪੁਸ਼ਾਕ ਤਾਂ ਕਿ ਜੋ ਘੋੜੇ ਤੇ ਵਾਰ ਵਾਰ ਚੜਨ ਉਤਰਨ ਵਿਚ  ਆਰਾਮਦਾਇਕ ਰਹੇ, ਕਿਉਕਿ ਖਾਲਸਾ ਫੌਜ ਜਿਆਦਾਤਰ ਘੋੜਿਆਂ, ਗੱਡਿਆਂ ਤੇ ਹੀ ਰਹਿੰਦੀ ਸੀ।
ਸਿਪਾਹੀ ਜਦੋ ਫੌਜ ਵਿਚ ਹੋ ਜਾਂਦਾ ਹੈ ਤਾਂ ਉਹ ਘਰ ਦਾ ਨਹੀਂ ਰਹਿੰਦਾ ਫੌਜ ਦੇ ਮਕਸਦ ਦਾ ਹੋ ਜਾਂਦਾ ਹੈ। ਘਰ ਤੋਂ ਬਾਹਰ ਇਕ ਯੋਧੇ ਵਾਂਗ ਰਹਿੰਦੇ ਸਮੇ ਉਸਦੇ ਵਾਲਾਂ ਦੀਆਂ ਜਟਾਵਾਂ ਨਾ ਬਣ ਜਾਣ ਇਸ ਕਰਕੇ ਕੰਘਾ ਨਿਸ਼ਾਨੀ ਦਿੱਤਾ। ਕਿਉਕਿ ਉਸ ਸਮੇ ਯੋਗੀ ਜਟਾਵਾਂ ਰੱਖਦੇ ਹੁੰਦੇ ਸੀ ਤਾਂ ਕਿ ਖਾਲਸੇ ਤੇ ਯੋਗੀ ਦਾ ਭੁਲੇਖਾ ਨਾ ਪਵੇ।
ਜਟਾ ਨ ਸੀਸ ਧਾਰਿਹੋਂ ॥ ਨ ਮੁੰਦ੍ਰਕਾ ਸੁ ਧਾਰਿ ਹੋਂ ॥ (ਗੋਬਿੰਦ ਸਿੰਘ)

ਅਜੋਕੇ ਸਮੇਂ ਦੇ ਸਵਾਲ

ਅੱਜ ਸਾਨੂੰ ਵਿਚਾਰ ਦੀ ਲੋੜ ਹੈ ਕਿ ਇਹ ਸਾਰਾ ਕੁਝ ਕਿਉ ਅਤੇ ਕਿਵੇਂ ਸੰਭਵ ਹੋਇਆ। ਓਦੋ ਸਮੇ ਦੀ ਲੋੜ ਕੀ ਸੀ ਅਤੇ ਅੱਜ ਕੀ ਹੈ? ਉਸ ਸਮੇ ਹਥਿਆਰ ਕੀ ਸੀ ਅਤੇ ਅੱਜ ਕੀ ਹੋਣੇ ਚਾਹੀਦੇ ਹਨ?

ਅੱਜ ਸਿਖਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਸ ਸੱਚ ਦੀ ਫੌਜ ਦੀ ਵਰਦੀ ਨੂੰ ਅਸੀਂ ਧਰਮ ਦਾ ਭੇਖ ਬਣਾ ਲਿਆ ਹੈ ਤਾਂ ਕੀ ਉਹ ਮਹਾਨ ਸ਼ਖਸ਼ੀਅਤ ਨਾਲ ਨਿਆ ਹੈ ਜਿਸਨੇ ਆਪ ਹੀ ਭੇਖ ਨੂੰ ਨਕਾਰਿਆ ਹੋਇਆ ਹੈ ਆਪਣੀਆਂ ਰਚਨਾਵਾਂ ਵਿਚ ਕਿ ਕਿਸੇ ਭੇਖ ਵਿਚ ਨਹੀਂ ਪੈਣਾ।
ਪਖਾਣ ਪੂਜ ਹੋਂ ਨਹੀਂ ॥ ਨ ਭੇਖ ਭੀਜ ਹੋ ਕਹੀਂ ॥

ਨਮਸਤੰ ਅਭੇਖੇ ॥ ਨਮਸਤੰ ਅਲੇਖੇ ॥

ਜਿਸਨੇ ਇਸ ਪੰਥ ਨੂੰ ਚਲਾਇਆ ਉਸਨੇ ਆਪਣੇ ਸਮੇ ਦੌਰਾਨ ਉਸ ਸਮੇ ਮੁਗ਼ਲ ਰਾਜ ਦੇ ਹੁੰਦੇ ਹੋਏ ਵੀ ਬਾਗੀ ਹੋ ਕੇ ਇਸਲਾਮ ਦੇ ਸੁੰਨਤ ਕਰਨ ਦੇ ਅੰਧ ਵਿਸ਼ਵਾਸ ਤੇ ਟਿੱਪਣੀ ਕਰਦੇ ਹੋਏ ਤਰਕ ਕੀਤਾ ਕਿ
ਪ੍ਰੀਤ ਕਰੇ ਪ੍ਰਭੁ ਪਾਯਤ ਹੈ॥ ਕਿਰਪਾਲ ਨ ਭੀਜਤ ਲਾਂਡ ਕਟਾਏ॥

ਜੇਕਰ ਅੱਜ ਕੋਈ ਇਸਲਾਮ ਵਿੱਚੋ ਉੱਠ ਕੇ ਇਹ ਤਰਕ ਕਰੇ ਕਿ ਕੀ ਕਛਿਹਰਾ ਪਾਉਣ ਨਾਲ ਪ੍ਰਭ ਦੀ ਪ੍ਰਾਪਤੀ ਹੋ ਜਾਂਦੀ ਹੈ? ਤਾਂ ਇਹਨਾਂ ਭੇਖੀ ਸਿਖਾਂ ਕੋਲ ਕੀ ਜਵਾਬ ਹੋਵੇਗਾ?

ਕੀ ਜੇਕਰ ਗੋਬਿੰਦ ਸਿੰਘ ਜੀ 21ਵੀ ਸਦੀ ਵਿਚ ਪੈਦਾ ਹੁੰਦੇ ਤਾਂ ਉਹ ਅੱਜ ਵੀ ਓਹੀ ਵਰਦੀ ਦਿੰਦੇ? ਓਹੀ ਹਥਿਆਰ ਦਿੰਦੇ? ਜਾਂ ਕਿਰਪਾਨ ਦੀ ਜਗਾ ਤੇ ਕੋਈ ਹੋਰ ਹਥਿਆਰ ਦਿੰਦੇ?
ਸਾਨੂੰ ਵਿਚਾਰਨਾ ਹੋਵੇਗਾ ਕਿ ਓਦੋ ਤਾਨਾਸ਼ਾਹ ਰਾਜ ਸੀ, ਰਾਜੇ ਦਾ ਧੱਕਾ ਸੀ ਤਾਂ ਇਸ ਸਭ ਦੀ ਲੋੜ ਸੀ। ਪਰ ਕੀ ਅੱਜ ਦੇ 21ਵੀ ਸਦੀ ਦੇ ਲੋਕਤੰਤਰ ਵਿਚ ਵੀ ਉਸ ਤਰਾਂ ਦਾ ਤਾਨਾਸ਼ਾਹੀ ਧੱਕਾ ਹੋ ਸਕਦਾ?
ਜਾਂ ਫੇਰ ਅੱਜ ਕੱਲ ਦੇ ਧੱਕਿਆ ਤੋਂ ਬਚਣ ਲਈ ਗੋਬਿੰਦ ਸਿੰਘ ਜੀ ਖਾਲਸੇ ਨੂੰ constitution ਦੀ ਕਿਤਾਬ ਦਿੰਦੇ ਤਾਂ ਕਿ ਕੋਈ ਝੂਠਾ ਕੇਸ ਪਵਾ ਕੇ ਫਸਵਾ ਨਾ ਦੇਵੇ ਵਿਰੋਧ ਵਿਚ?

ਕੀ ਕਿਤੇ ਓਹਨਾ ਨੇ ਆਪਣੀਆਂ ਰਚਨਾਵਾਂ ਵਿਚ ਆਉਣ ਵਾਲੇ ਖਾਲਸੇ ਨੂੰ ਕੋਈ ਸੇਧ ਤਾਂ ਨੀ ਦਿੱਤੀ ਹੋਈ ਕਿ ਮੈਂ ਖਾਲਸਾ ਹੁਣ ਨਾ ਆਪ ਲੜਾਂਗਾ ਨਾ ਫੌਜ ਲੜਾਵਾਂਗਾ ਬਸ ਆਤਮਿਕ ਗਿਆਨ ਪ੍ਰਾਪਤ ਕਰਕੇ ਗਿਆਨ ਚਰਚਾ ਜਾਂ ਵਾਦ-ਸੰਵਾਦ ਕਰਾਂਗਾ? ਜੋ ਸੇਧ ਅਸੀਂ ਕਦੇ ਪੜ੍ਹੀ ਹੀ ਨਹੀਂ, ਕਦੇ ਖੋਜੀ ਹੀ ਨਹੀਂ?

ਅੱਜ ਸਿੱਖ ਜਾਂ ਖਾਲਸੇ ਨੂੰ ਸੁਰਤੀ ਵਾਲਾ ਹੋ ਕੇ ਵਿਚਾਰਨਾ ਹੀ ਪੈਣਾ ਹੈ, ਨਹੀਂ ਤਾਂ ਅੰਧ ਵਿਸ਼ਵਾਸ ਵਿਚ ਹੀ ਫਸੇ ਰਹਿ ਜਾਵਾਂਗੇ। ਅੱਜ ਲੋਹੇ ਦੀ ਖੜਗ ਦੀ ਲੋੜ ਨਹੀਂ ਸਗੋਂ ਗਿਆਨ ਖੜਗ ਦੀ ਲੋੜ ਹੈ ਜਿਸ ਨਾਲ ਅਸੀਂ ਆਪਣੇ ਮਨ ਨਾਲ ਲੜ ਕੇ ਉਸਨੂੰ ਜਿੱਤ ਸਕੀਏ।
ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ

ਸਿੱਖ ਨੂੰ ਲੋੜ ਹੈ ਅਸਲੀ ਸਿੱਖੀ ਸਮਝਣ ਦੀ ਤੇ ਗੁਰਬਾਣੀ ਖੋਜ ਕੇ ਖਾਲਸੇ ਦੇ ਅਸਲੀ ਕੰਮ, ਸੱਚ ਦੇ ਪ੍ਰਚਾਰ ਕਰਨ ਦੀ। 

-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...