ਸਤਿਗੁਰ ਪ੍ਰਸਾਦਿ ਕੀ ਹੈ? What is Satgur Parsad?
ਸਤਿਗੁਰ ਭਾਵ ਸੱਚਾ ਗੁਰ | ਗੁਰ ਹੁੰਦਾ ਹੈ ਕਿਸੇ ਕੰਮ ਨੂੰ ਕਰਨ ਦਾ ਤਰੀਕਾ ਜਾਂ ਢੰਗ ਜਾਂ ਵਿਧੀ | ਹੁਣ ਸੰਸਾਰਿਕ ਕੰਮਾਂ ਕਾਰਾਂ ਨੂੰ ਕਰਨ ਦੇ ਗੁਰ ਵੱਖ ਵੱਖ ਹਨ ਪਰ ਧਰਮ ਦੇ ਖੇਤਰ ਵਿਚ ਜਾਂ ਆਤਮਿਕ ਦੁਨੀਆ ਵਿਚ ਸੱਚ ਅਤੇ ਸੰਤੋਖ ਦੀ ਵਿਚਾਰ ਨੂੰ ਗੁਰ ਮੰਨਿਆ ਗਿਆ ਹੈ |
ਇਹ ਗੁਰ ਹੈ ਆਤਮਿਕ ਪੜਚੋਲ ਦਾ ਤੇ ਇਸ ਕੁਦਰਤ ਵਿਚੋਂ ਕਾਦਰ ਨੂੰ ਜਾਨਣ ਦਾ | ਬਾਕੀ ਸੰਸਾਰਿਕ ਗੁਰ ਝੂਠੇ ਹਨ ਤੇ ਇਹੀ ਇਕ ਸੱਚਾ ਗੁਰ ਹੈ ਅਤੇ ਇਸ ਲਈ ਇਸਨੂੰ ਸੱਚਾ ਗੁਰ ਜਾਂ ਸਤਿਗੁਰ ਕਿਹਾ ਗਿਆ ਹੈ ਗੁਰਬਾਣੀ ਵਿਚ |
ਸਤਿਗੁਰ ਭਾਵ ਸੱਚੀ ਵਿਚਾਰ ਸੰਤੋਖੀ ਹੋ ਕੇ ਹੁੰਦੀ ਹੈ ਤੇ ਇਸ ਤੋਂ ਸਾਰ ਗਿਆਨ ਪ੍ਰਾਪਤ ਹੁੰਦਾ ਹੈ | ਇਹ ਗਿਆਨ ਦਾ ਭੋਗ ਹੀ ਪ੍ਰਸਾਦਿ ਅਖਵਾਉਂਦਾ ਹੈ | ਸਤਿਗੁਰ ਪ੍ਰਸਾਦਿ ਨੂੰ ਸਿੱਧਾ ਸਤਿਗੁਰੂ ਵੀ ਲਿਖ ਸਕਦੇ ਹਾਂ ਤੇ ਗੁਰਬਾਣੀ ਵਿਚ ਲਿਖਿਆ ਵੀ ਗਿਆ ਹੈ |
ਸਤਿਗੁਰ ਪ੍ਰਸਾਦਿ = ਸਤਿਗੁਰੂ
ਪ੍ਰਸਾਦਿ ਜਾਂ ਤੱਤ ਗਿਆਨ ਜੋ ਸਤਿਗੁਰ ਤੋਂ ਮਿਲਦਾ ਹੈ ਅੰਦਰ ਐਨੀ ਰੋਸ਼ਨੀ ਕਰ ਦਿੰਦਾ ਹੈ ਕਿ ਸਭ ਕਾਸੇ ਦੀ ਸੋਝੀ ਆਪਣੇ ਆਪ ਹੀ ਆਉਣ ਲਗ ਪੈਂਦੀ ਹੈ, ਤੇ ਉਸ ਸੋਝੀ ਨੂੰ ਜੇ ਕੋਈ ਬੋਲ ਕੇ ਜਾਂ ਲਿਖ ਕੇ ਦੱਸੇ ਤਾਂ ਉਹ ਸਤਿਗੁਰ ਦੀ ਬੋਲੀ ਭਾਵ ਬਾਣੀ ਜਾਂ ਗੁਰਬਾਣੀ ਅਖਵਾਉਂਦੀ ਹੈ |
ਸਤਿਗੁਰ ਪ੍ਰਸਾਦਿ ਗੁਰਬਾਣੀ ਦਾ ਮਾਰਕਾ ਹੈ |
ਜਿਵੇਂ ਭਾਰਤ ਵਿਚ ਕਿਸੇ ਚੀਜ ਦੀ ਅਸਲੀਅਤ ਜਾਂ ਪੱਕਤਾ ਦੀ ਪਹਿਚਾਣ ਲਈ ISI ਮਾਰਕਾ ਹੁੰਦਾ ਹੈ ਇਸੇ ਤਰਾਂ ਪੱਕੀ ਬਾਣੀ ਦੇ ਸ਼ੁਰੂ ਵਿਚ ਸਤਿਗੁਰ ਪ੍ਰਸਾਦਿ ਆਉਂਦਾ ਹੈ |
ਇਹ ਦਰਸਾਉਂਦਾ ਹੈ ਕਿ ਜੋ ਵੀ ਇਸ ਮਾਰਕੇ ਹੇਠ ਲਿਖਿਆ ਹੈ ਉਹ ਸਤਿਗੁਰ ਤੋਂ ਸੋਝੀ (ਸਤਿਗੁਰ ਪ੍ਰਸਾਦਿ) ਪ੍ਰਾਪਤ ਕਰਨ ਤੋਂ ਬਾਅਦ ਲਿਖਿਆ ਹੈ |
ਸਤਿਗੁਰ ਦੀ ਸੋਝੀ ਤੋਂ ਬਿਨਾ ਹੋਰ ਸਭ ਲਿਖੀ ਜਾਂ ਬੋਲੀ ਗੱਲ ਕੱਚੀ ਹੁੰਦੀ ਹੈ, ਸਿਰਫ ਸਤਿਗੁਰ ਦੀ ਸੋਝੀ ਵਾਲਾ ਹੀ ਪੱਕੀ ਗੱਲ ਕਰ ਸਕਦਾ ਜਾਂ ਪੱਕੀ ਬਾਣੀ ਲਿਖ ਸਕਦਾ | ਇਸ ਬਾਰੇ "ਆਸਾ ਦੀ ਵਾਰ" ਵਿਚ ਆਇਆ ਹੈ
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥
ਇਸ ਤੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਸਤਿਗੁਰ ਦੀ ਸੋਝੀ ਤੋਂ ਬਿਨਾ ਬਾਣੀ ਸੁਣਨਾ ਪੜ੍ਹਨਾ ਤੇ ਵਿਆਖਿਆ ਕਰਨਾ ਵੀ ਕੱਚਾ ਹੈ ਭਾਵ ਕਿ ਪਾਠ ਕਰਨਾ ਬੇਕਾਰ ਹੈ ਜੇਕਰ ਸਤਿਗੁਰ ਦੀ ਸੋਝੀ ਨਹੀਂ ਹੈ | ਫਿਰ ਤਾਂ 'ਪੜ੍ਹ ਪੜ੍ਹ ਗੱਡੀ ਲੱਦੀਏ' ਵਾਲੀ ਗੱਲ ਹੀ ਹੋਈ |
ਸਤਿਗੁਰ ਪ੍ਰਸਾਦਿ ਨੂੰ ਅਸੀਂ ਐਵੇ ਹੀ ਪੜ੍ਹ ਕੇ ਲੰਗ ਜਾਂਦੇ ਹਾਂ ਪਰ ਇਹ ਆਪਣੇ ਅੰਦਰ ਬਹੁਤ ਡੂੰਘੇ ਅਰਥ ਲਈ ਬੈਠਾ ਹੈ |
ਉਮੀਦ ਹੈ ਸਤਿਗੁਰ ਪ੍ਰਸਾਦਿ ਨੂੰ ਸਮਝ ਲਿਆ ਹੋਏਗਾ | ਜੇਕਰ ਕੋਈ ਸ਼ੰਕਾ ਜਾਂ ਸਵਾਲ ਹੋਵੇ ਤਾਂ comment ਕਰ ਸਕਦੇ ਹੋ ।
------------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...