24 October, 2018

ਮੱਥਾ ਕਿਸਨੂੰ ਟੇਕੀਏ? Whom to bow down to?

Logical Reasoning, GurParsad, Gurmat, SatGur


ਮੱਥਾ ਕਿਸਨੂੰ ਟੇਕੀਏ? Whom to bow down to?

ਮੱਥਾ ਕਿਸਨੂੰ ਟੇਕੀਏ? Whom to bow down to?


ਸਭ ਕੁਝ ਸਾਹਮਣੇ ਹੁੰਦੇ ਹੋਏ ਵੀ ਇਹ ਸਚਾਈ ਕਿਸੇ ਨੂੰ ਦਿਖਾਈ ਕਿਉ ਨਹੀਂ ਦੇ ਰਹੀ? ਜਿਸ ਗ੍ਰੰਥ ਵਿਚ ਸਭ ਕੁਝ ਸਾਫ ਸਾਫ ਲਿਖਿਆ ਹੋਇਆ, ਫਿਰ ਉਸ ਨੂੰ ਪੜ੍ਹ ਕੇ ਕੋਈ ਕਿਉ ਨਹੀਂ ਸਿੱਖ ਰਿਹਾ? ਕਿਉ ਸਾਰੇ ਮੱਥਾ ਟੇਕਣ ਦੀ ਭੇੜ੍ਹ ਚਾਲ ਵਿਚ ਫੱਸੇ ਹੋਏ ਨੇ?

ਸ਼ਾਇਦ ਇਹ ਧਰਮ ਦਾ ਕੰਮ ਢੋਂਗੀ ਬਹਿਰੂਪੀਆਂ ਦੇ ਹੱਥ ਆ ਚੁੱਕਿਆ ਹੈ। ਜੋ ਲੋਕ ਆਪਣੇ ਆਪ ਨੂੰ ਸਿੱਖ ਤੇ ਵਧੀਆ ਦਰਜੇ ਦੇ ਧਰਮੀ ਸਮਝਦੇ ਹਨ ਉਹ ਵੀ ਓਹਨਾ ਢੋਂਗੀ ਬਾਬਿਆਂ ਦੀ ਪਕੜ ਵਿਚ ਆ ਚੁੱਕੇ ਹਨ।

ਧਰਮ ਦੇ ਨਾਮ ਤੇ ਲੇਖਕ ਇੱਕ ਗੱਲ ਸਾਫ ਸਾਫ ਕਹਿਣੀ ਚਾਹੁੰਦਾ ਹੈ, ਜੋ ਆਦਿ ਗ੍ਰੰਥ ਵਿਚ ਵੀ ਲਿਖੀ ਹੋਈ ਹੈ ਕਿ ਜਿਸ ਗੱਲ ਜਾਂ ਕਰਮ-ਕਾਂਢ ਵਿਚ ਸਾਨੂੰ ਗਿਆਨ ਪ੍ਰਾਪਤ ਨਹੀਂ ਹੋ ਰਿਹਾ ਉਹ ਧਰਮ ਨਹੀਂ ਪਾਖੰਡ (ਫੋਕੇ ਧਰਮ) ਹੈ।

ਫੋਕਟ ਧਰਮ ਕਿਛੁ ਫਲ ਨਾਹੀ।

ਇਹ ਗੱਲ ਤਾਂ ਦਸਮ ਪਾਤਸ਼ਾਹ ਦੀ ਹੈ, ਪਰ ਇਸਤੋਂ ਪਹਿਲਾਂ ਕਬੀਰ ਜੀ ਨੇ ਹੀ ਸਾਫ ਕਰ ਦਿੱਤਾ ਸੀ ਕਿ ਜਿਥੇ ਗਿਆਨ ਨਹੀਂ ਹੈ ਓਥੇ ਧਰਮ ਵੀ ਨਹੀਂ ਹੈ।

ਕਬੀਰ ਜਹਿ ਗਿਆਨ ਤਹਿ ਧਰਮ ਹੈ..

ਲੇਖਕ ਸੰਸਾਰਿਕ ਪੱਖੋਂ ਨਾ-ਸਮਝ ਤੇ ਅਣਜਾਣ ਹੈ। ਜਦੋ ਅਜਿਹੇ ਨਾ-ਸਮਝ ਨੂੰ ਵੀ ਗ੍ਰੰਥ ਪੜ੍ਹ ਕੇ ਸਮਝ ਆ ਸਕਦਾ ਹੈ, ਤਾਂ ਫਿਰ ਬਾਕੀਆਂ ਨੂੰ ਕਿਉ ਨਹੀਂ ਆ ਸਕਦਾ ? ਤਾਂ ਸ਼ਾਇਦ ਹਉਮੈ ਜਾਂ ਹੰਕਾਰ ਸਮਝ ਮੂਹਰੇ ਅੜਿੱਕਾ ਬਣ ਰਿਹਾ ਹੈ। ਇਸੇ ਲਈ ਅਰਜਨ ਦੇਵ ਜੀ ਨੇ ਪਹਿਲਾਂ ਹਉਮੈ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ। ਕਿਉਕਿ ਸੱਚੀ ਸਿਖਿਆ ਲੈਣ ਦੀ ਪਹਿਲੀ ਸ਼ਰਤ ਹੀ ਇਹੀ ਹੈ ਕਿ ਇਹ ਹਉਮੈ ਭੰਨਣੀ ਪੈਂਦੀ ਹੈ ਜੋ ਕੇ ਕੋਈ ਭੰਨਣੀ ਨਹੀਂ ਚਾਹੁੰਦਾ।

ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ॥
ਦੁਤੀਆ ਤਿਆਗੀ ਲੋਗਾ ਰੀਤਿ ॥
ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ ॥
ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥੨॥

ਹਉਮੈ ਭੰਨਣ ਤੇ ਸਾਨੂ ਸੱਚ ਸਮਝ ਆਉਣ ਲੱਗ ਪੈਂਦਾ ਹੈ ਅਤੇ ਦੁਨੀਆ ਦੀ ਅਸਲੀਅਤ ਦਾ ਪਤਾ ਲੱਗਣ ਲੱਗ ਪੈਂਦਾ ਹੈ। ਉਪਰਲੀ ਤੁਕ ਵਿਚ ਪੰਚਮ ਪਾਤਸ਼ਾਹ ਲਿਖਦੇ ਕਿ ਪਹਿਲਾਂ ਹਉਮੈ ਛੱਡੋ, ਦੂਜੇ ਤੇ ਲੋਕਰੀਤਾਂ ਛੱਡੋ, ਤੀਜੇ ਤੇ ਤਿੰਨੇ ਗੁਣ (ਰਜ, ਤਮ, ਸਤ) ਛੱਡੇ ਤੇ ਦੁਸ਼ਮਣ ਮਿੱਤਰ ਬਰਾਬਰ ਹੋ ਜਾਂਦੇ ਨੇ ਅਤੇ ਚੌਥੇ ਤੇ ਵਿਗੜਿਆ ਮਨ ਸਧ ਜਾਂਦਾ ਹੈ ਤੇ ਆਪਣੇ ਅਸਲ ਨਾਲ ਮਿਲ ਜਾਂਦਾ ਹੈ।

ਹਉਮੈ ਨੂੰ ਖਤਮ ਕਰਕੇ ਜੇਕਰ ਗੁਰਬਾਣੀ ਦਾ ਅਧਿਐਨ ਕਰਾਂਗੇ ਤਾਂ ਗ੍ਰੰਥ ਆਪ ਹੀ ਸਾਡੀ ਬੁਧਿ ਨੂੰ ਅੱਗੇ ਲੈ ਜਾਂਦਾ ਹੈ ਅਤੇ ਸਭ ਕਾਸੇ ਦੀ ਸਚਾਈ ਸਾਫ ਨਜ਼ਰ ਆਉਣ ਲੱਗ ਪੈਂਦੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਸੀਂ ਗੁਰਬਾਣੀ ਦਾ ਅਧਿਐਨ ਕਰਨਾ ਹੈ ਭਾਵ ਪੜ੍ਹ ਕੇ ਖੋਜਣਾ ਹੈ ਨਾ ਕਿ ਪਾਗਲਾਂ ਵਾਂਗੂ ਰੋਜ ਇਕੱਲੇ ਰੱਟੇ ਹੀ ਲਗਾਉਣੇ ਹਨ, ਜਿਹਨਾਂ ਦਾ ਕੋਈ ਫਾਇਦਾ ਨਹੀਂ।ਇਹ ਤਾਂ ਪਾਣੀ ਰਿੜਕਣ ਵਾਲੀ ਗੱਲ ਹੋਈ। ਇਹ ਗੱਲ ਵੀ ਗੁਰਬਾਣੀ ਵਿਚ ਹੀ ਲਿਖੀ ਹੋਈ ਹੈ।

ਰਹੀ ਗੱਲ ਮੱਥਾ ਟੇਕਣ ਦੀ ਤਾਂ ਗ੍ਰੰਥ ਇਕ ਉਪਦੇਸ਼ ਹੈ ਤੇ ਇਹ ਉਪਦੇਸ਼ ਚੇਤਨ ਵਾਸਤੇ ਹੈ। ਇਕ ਗੱਲ ਸਾਫ ਕਰਨੀ ਬਹੁਤ ਜਰੂਰੀ ਹੈ ਕਿ ਚੇਤਨ Living Things ਨੂੰ ਕਹਿੰਦੇ ਹਨ ਤੇ ਜੜ੍ਹ Non-Living Things ਨੂੰ। ਹੁਣ ਚੇਤਨ ਨੇ ਉਪਦੇਸ਼ ਪੜ੍ਹ ਕੇ ਉਸਤੋਂ ਸਿੱਖਣਾ ਹੈ ਤੇ ਉਪਦੇਸ਼ ਪੜ੍ਹੇ ਤੇ ਹੀ ਉਪਦੇਸ਼ ਬਣਦਾ ਹੈ। ਨਹੀਂ ਤਾਂ ਉਹ ਬੱਸ ਅੱਖਰ ਹਨ, ਇਕ ਜੜ੍ਹ ਵਸਤੂ ਹਨ ਜੇਕਰ ਉਸਤੋਂ ਪੜ੍ਹਕੇ ਸਿੱਖਦੇ ਨਹੀਂਸਿੱਖਣ ਵਾਲਾ ਹੀ ਸਿੱਖ ਹੁੰਦਾ ਹੈ।

ਜੇਕਰ ਉਪਦੇਸ਼ ਚੇਤਨ ਨੂੰ ਸਿਖਾਉਣ ਲਈ ਹੈ ਤਾਂ ਚੇਤਨ ਦੀ value ਜਿਆਦਾ ਹੈ ਸਾਰਿਆਂ ਤੋਂ ਹੀ। ਹੁਣ ਚੇਤਨ ਜੜ੍ਹ ਨੂੰ ਮੱਥਾ ਟੇਕੇ ਇਹ ਗੱਲ ਸਹੀ ਨਹੀਂ ਹੈ। ਹਾਂ ਉਹ ਉਪਦੇਸ਼ ਦਾ ਸਤਿਕਾਰ ਜਰੂਰ ਕਰ ਸਕਦਾ ਹੈ, ਪਰ ਉਪਦੇਸ਼ ਦਾ ਸਤਿਕਾਰ ਵੀ ਉਪਦੇਸ਼ ਨੂੰ ਮੰਨੇ ਤੇ ਹੀ ਹੋਵੇਗਾ। ਇਹ ਗੱਲ ਸਮਝਣੀ ਬਹੁਤ ਜਰੂਰੀ ਹੈ। 

ਇਹ ਲੇਖਕ ਦਾ ਕੋਈ ਆਪਣਾ ਵਿਚਾਰ ਨਹੀਂ ਹੈ ਇਹ ਸਭ ਆਦਿ ਗ੍ਰੰਥ ਵਿਚ ਹੀ ਲਿਖਿਆ ਪਿਆ ਹੈ। ਕਬੀਰ ਜੀ ਲਿਖਦੇ ਹਨ

ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥

ਅਸੀਂ ਮੱਥਾ ਕਿਉ ਟੇਕਦੇ ਹਾਂ? ਮੱਥਾ ਟੇਕਣਾ ਤਾਂ ਕੋਈ ਸਤਿਕਾਰ ਨਾ ਹੋਇਆ। ਜੇਕਰ ਟੇਕਣਾ ਹੀ ਹੈ ਤਾਂ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਹੰਕਾਰ ਨੂੰ ਤੋੜੋ। ਮਨ ਜੋ ਆਕੀ ਹੋਇਆ ਖੜਾ ਮਨਮਰਜੀਆਂ ਕਰ ਰਿਹਾ, ਉਸਦਾ ਸਿਰ ਝੁਕਾਓ ਜੇ ਝੁਕਾਉਣਾ। ਇਹੀ ਅਸਲੀ ਮੱਥਾ ਟੇਕਣਾ ਹੁੰਦਾ ਹੈ। ਧਰਤੀ ਵਿੱਚ ਸਿਰ ਮਾਰ ਕੇ ਐਵੇ ਪਖੰਡ ਜਿਹੇ ਦਾ ਮੱਥਾ ਟੇਕਣ ਦਾ ਕੀ ਫਾਇਦਾ। ਇਸ ਗੱਲ ਬਾਰੇ ਤਾਂ ਗੁਰਬਾਣੀ ਆਪ ਹੀ ਮਨਾ ਕਰ ਰਹੀ ਕਿ

ਸਰ ਨਿਵਾਇ ਕਿਆ ਥੀਐ ਜਾ ਜੀਅ ਕੁਸੁਧੇ ਜਾਇ।।

ਮਨੁੱਖਾ ਜਨਮ ਲੈਣ ਦਾ ਅਸਲ ਮਕਸਦ ਤਾਂ ਆਪਣੇ ਆਪ ਨੂੰ ਪਛਾਣ ਕੇ ਆਪਣੇ ਮੂਲ ਵਿਚ ਮਿਲਣਾ ਹੈ ਆਪਣੇ ਪ੍ਰਭ ਨਾਲ, ਜਿਸਦਾ ਉਪਦੇਸ਼ ਦੇ ਰਹੀ ਹੈ ਗੁਰਬਾਣੀ। ਇਸਤੋਂ ਬਿਨ੍ਹਾਂ ਹੋਰ ਸਾਰੇ ਕੰਮ ਪੁੱਠੇ ਹਨ, ਕੁਸੁਧੇ ਹਨ। ਇਹੀ ਇਸ ਤੁਕ ਦਾ ਅਰਥ ਹੈ ਕਿ ਫਿਰ ਸਿਰ ਝੁਕਾ ਕੇ ਮੱਥਾ ਟੇਕਣ ਦਾ ਕੀ ਫਾਇਦਾ ਜਦੋ ਸਿਧੇ ਪਾਸੇ ਤਾਂ ਜਾਣਾ ਨਹੀਂ ਜਿਧਰ ਨੂੰ ਗੁਰਬਾਣੀ ਕਹਿ ਰਹੀ, ਮਨ ਤਾਂ ਪੈਸੇ ਪਿਛੇ ਜਾਂ ਸੰਸਾਰਿਕ ਵਡਿਆਈ ਦੇ ਕੁਸੁਧੇ ਪਾਸੇ ਜਾ ਰਿਹਾ।

ਇਹ ਸਾਰਾ ਕੁਝ ਵਿਚਾਰਨ ਤੋਂ ਬਾਅਦ ਇਹ ਸਮਝ ਵਿਚ ਆਉਂਦਾ ਹੈ ਕਿ ਸਾਡਾ ਅਸਲੀ ਸਿਰ ਸਾਡਾ ਮਨ ਹੈ ਅਤੇ ਉਸਨੂੰ ਝੁਕਾਉਣਾ ਗੁਰਬਾਣੀ ਦੇ ਉਪਦੇਸ਼, ਉਸਦੀ ਸਿਖਿਆ ਮੂਹਰੇ। ਇਹੀ ਅਸਲੀ ਮੱਥਾ ਟੇਕਣਾ ਹੁੰਦਾ ਹੈ। 


-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...