17 October, 2018

ਅਸੀਂ ਕੌਣ ਹਾਂ ਤੇ ਕਿਉ ਪੈਦਾ ਹੋਏ ? Who We Are And How Were Born?

ਅਸੀਂ ਕੌਣ ਹਾਂ ਤੇ ਕਿਉ ਪੈਦਾ ਹੋਏ ? Who We Are And How Were Born?

ਅਸੀਂ ਕੌਣ ਹਾਂ ਤੇ ਕਿਉ ਪੈਦਾ ਹੋਏ ?

ਦੁਨੀਆ ਤੇ ਹੋਰ ਕਿੰਨੇ ਹੀ ਧਰਮ ਚਾਹੇ ਜੋ ਵੀ ਕਰਮ ਸਿਖਾਉਂਦੇ ਹੋਣ ਪਰ ਅਸਲ ਵਿਚ ਧਰਮ ਦਾ ਕਰਮ ਆਪਣੇ ਆਪ ਨੂੰ ਜਾਨਣਾ ਹੈ ਕਿ ਅਸੀਂ ਅਸਲ ਵਿਚ ਕੌਣ ਹਾਂ ਤੇ ਕਿਉ ਪੈਦਾ ਹੋਏ? ਗੁਰਮਤਿ ਵਿਚ ਇਹ ਸਵਾਲ ਚੁੱਕੇ ਗਏ ਹਨ ਤੇ ਇਹਨਾ ਦਾ ਜਵਾਬ ਵੀ ਦਿੱਤਾ ਹੈ।

ਇਹ ਦੁਨੀਆ ਇਕ ਸ਼ਕਤੀ ਨੇ ਪੈਦਾ ਕੀਤੀ ਹੈ, ਜਿਸਨੂੰ ਜਗਮਾਤ ਵੀ ਕਿਹਾ ਗਿਆ ਹੈ, ਨੂਰ ਵੀ ਕਿਹਾ ਗਿਆ ਹੈ, ਕੁਦਰਤਿ ਵੀ ਕਿਹਾ ਹੈ। ਹਾਂ ਇਹ ਓਹੀ ਸ਼ਕਤੀ ਹੈ ਜਿਸਨੂੰ ਵਿਗਿਆਨ ਵਿਚ energy ਕਿਹਾ ਹੈ। ਇਹ ਸ਼ਕਤੀ ਦਾ ਕੋਈ ਵੀ ਰੂਪ ਹੋ ਸਕਦਾ ਹੈ। ਅਸੀਂ ਇਹ ਸਕਤੀ ਨੂੰ ਇੱਛਾ ਦੇ ਰੂਪ ਵਿਚ ਜ਼ਿਆਦਾ ਵਰਤਦੇ ਹਾਂ। ਇਸੇ ਲਈ ਇੱਛਾ ਸ਼ਕਤੀ ਵੀ ਕਿਹਾ ਜਾਂਦਾ ਹੈ।

ਦੁਨੀਆ ਵਿਚ ਇਕ ਕਰਤਾ ਹੈ ਤੇ ਇਕ ਓਹਦੀ ਸ਼ਕਤੀ ਭਾਵ ਓਹਦਾ ਹੁਕਮੁ। ਕਰਤਾ ਕੀ ਹੈ ਇਸਨੂੰ ਦੱਸਣ ਲਈ ਸਾਰੇ ਅਸਮਰਥ ਹਨ। ਇਸ ਮੁੱਦੇ ਤੇ ਆ ਕੇ ਤਾਂ ਗੁਰਮਤਿ ਨੇ ਵੀ ਹੱਥ ਪਿਛੇ ਖਿੱਚੇ ਹੋਏ ਹਨ। ਅਸਲ ਵਿਚ ਕਰਤੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ।

ਜੋ ਸਾਰੇ ਹੀ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਤੇ ਜਿਸਨੂੰ ਸਾਰੇ ਸੰਸਾਰ ਵਿਚ ਕਿਸੇ ਨਾਲ ਵੀ ਤੁਲਨਾ ਕਰਕੇ ਸਮਝਾਇਆ ਨਹੀਂ ਜਾ ਸਕਦਾ, ਫੇਰ ਦਸੋ ਓਹਦੇ ਬਾਰੇ ਭਲਾ ਕੌਣ ਦਸ ਸਕਦਾ। ਜਿਸਨੇ ਓਹਨੂੰ ਜਾਣਿਆ ਉਹਨੂੰ ਹੀ ਪਤਾ ਕਿ ਉਹ ਕਿਵੇ ਦਾ, ਦੂਜੇ ਨੂੰ ਹੁਣ ਕਿਵੇਂ ਸਮਝਾਵੇ। ਕਬੀਰ ਜੀ ਤਾਂ ਕਹਿੰਦੇ

ਕਹਿਨੇ ਮੇ ਸੋਭਾ ਨਹੀਂ ਦੇਖਤ ਹੀ ਪ੍ਰਵਾਨ।।

ਰਵਿਦਾਸ ਜੀ ਕਹਿੰਦੇ ਨੇ

ਕਹੈ ਰਵਿਦਾਸ ਅਕਥ ਕਥਾ ਕਿਆ ਕਥਨ ਕੀਜੈ।।
ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ।।

ਬਸ ਐਨਾ ਹੀ ਕਿਹਾ ਕਿ ਕਰਤੇ ਨੂੰ ਓਹਦੀ ਸ਼ਕਤੀ ਭਾਵ ਕੁਦਰਤ ਤੋਂ ਜਾਣੋ। ਕਰਤਾ ਆਪਿ ਹੀ ਸ਼ਕਤੀ ਪੈਦਾ ਕਰਕੇ ਹੁਕਮੁ ਚਲਾ ਰਿਹਾ ਹੈ।

ਗੁਰਬਾਣੀ ਸਤਿ ਸਤਿ ਕਰਕੇ ਮਨਹੁ ਗੁਰਸਿਖਹੁ ਕਰਤੇ ਆਪੁ ਮੁਖਹੁ ਕਢਾਈ।।

ਜੇ ਗੁਰਬਾਣੀ ਨੂੰ ਸੱਚ ਕਰਕੇ ਮੰਨੀਏ ਤਾਂ ਗੁਰਬਾਣੀ ਇਹ ਦਸਦੀ ਕਿ ਸਾਡਾ ਜਨਮ ਭਰਮ ਕਰਕੇ ਹੋਇਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਾਹਦਾ ਭਰਮ? ਤੇ ਇਹ ਭਰਮ ਪੈਦਾ ਕਿਉ ਹੋਇਆ ? ਤਾਂ ਜਵਾਬ ਇਹ ਮਿਲਦਾ ਕਿ ਜਦੋ ਵਿਸ਼ਵਰੂਪ ਸੁਨ ਸਮਾਧ ਤੋਂ ਸਹਿਜ ਚ ਆਇਆ (from inactive to active form) ਤਾਂ ਕੁੱਝ ਹਿੱਸੇ ਸਹਿਜ ਵਿਚ ਨਹੀਂ ਆਏ। ਜਿਵੇ ਕੋਈ ਸੁੱਤਾ ਪਿਆ ਸੀ, ਜਦੋ ਉਠਿਆ ਤਾਂ ਕੋਈ ਲੱਤ ਜਾਂ ਬਾਹ ਸੋਂ ਗਈ। ਹੁਣ ਉਸਨੂੰ ਜਗਾਉਣ ਲਈ ਉਸ ਸੁੱਤੇ ਰਹਿ ਗਏ ਅੰਗ ਨੂੰ ਵਾਰ ਵਾਰ ਹਿਲਾਉਣਾ ਪੈਂਦਾ ਹੈ ਤਾਂ ਕਿ ਉਸ ਵਿਚ ਵੀ ਖੂਨ ਚਲਾ ਜਾਵੇ ਤੇ ਉਹ ਵੀ activate ਹਓ ਜਾਵੇ। ਬਸ ਏਹੀ ਕੁੱਝ ਸਮਝੋ। ਅਸੀਂ ਸਾਰੇ ਉਹ ਸੁੱਤੇ ਅੰਗ ਹੀ ਹਾਂ, ਤੇ ਸਾਨੂੰ ਜਗਾਉਣ ਲਈ ਇਹ ਇੱਛਾ ਦੀ ਲਹਿਰ ਪੈਦਾ ਕੀਤੀ ਸੀ ਜਿਸਨੂੰ ਸੰਸਾਰ ਕਹਿੰਦੇ ਹਨ। 

ਇਹ ਸੰਸਾਰ ਇੱਛਾ ਜਾਂ ਕਹਿ ਲਵੋ ਹੁਕਮੁ ਦਾ ਹੀ ਪ੍ਰਗਟ ਰੂਪ ਹੈ। ਅਸੀਂ ਸੁੱਤੇ ਅੰਗ ਹਾਂ ਸਾਨੂੰ ਸਾਡਾ ਖੁਦ ਦਾ ਹੀ ਨਹੀਂ ਪਤਾ। ਏਹੀ ਭਰਮ ਹੈ। ਭਰਮ ਅਗਿਆਨਤਾ ਕਰਕੇ ਹੋਇਆ ਤੇ ਗਿਆਨ ਹੋਏ ਤੇ ਭਰਮ ਖਤਮ ਹੋ ਜਾਣਾ।

 ਗੁਰ ਪ੍ਰਸਾਦਿ ਭਰਮੁ ਕਾ ਨਾਸੁ।।

ਇਹ ਦੁਨੀਆ ਗਿਆਨ ਲੈਣ ਦੀ ਧਰਮਸ਼ਾਲਾ ਹੈ ਜਿਸ ਵਿਚ ਖੁਦ ਦਾ ਹੀ ਗਿਆਨ ਲੈਣਾ ਹੈ। ਅਸੀਂ ਆਪਣੇ ਮੂਲ ਨੂੰ ਪਛਾਨਣਾ ਹੈ, ਸਾਡਾ ਮੂਲ (ਅਸਲ) ਹੀ ਸਾਡਾ ਕਰਤਾ ਹੈ।

ਮਨੁ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ।।

ਮੂਲ ਨਾ ਬੂਝੈ ਆਪਣਾ ਸੇ ਪਸੁਆ ਸੇ ਢੋਰੁ ਜਿਓ।।

ਹੁਣ ਖੁਦ ਨੂੰ ਕਿਵੇਂ ਜਾਨਣਾ ਏਹੀ ਵਿਧੀ ਤਾਂ ਦੱਸੀ ਹੋਈ ਹੈ ਸਾਰੀ ਗੁਰਬਾਣੀ ਵਿਚ।  ਇਹ ਤਾਂ ਹੁਣ ਸਾਰੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਰਿੜਕਣਾ ਹੈ ਭਾਵ ਸੰਤੋਖੀ ਹੋ ਕੇ ਸਚਿ ਵਿਚਾਰ ਕਰਨੀ, ਏਹੀ ਗੁਰ। ਮੁਧਾਵਣੀ (ਮਧਾਣੀ) ਚਾਲੂ ਹੋਈ ਤੇ ਗਿਆਨ ਹਾਸਲ ਹੋਣਾ ਹੈ।

ਬਸ ਮੁੱਕਦੀ ਗੱਲ ਅਸੀਂ ਆਪਣੇ ਆਪ ਨੂੰ ਜਾਨਣ ਲਈ ਹੀ ਪੈਦਾ ਹੋਏ ਹਾਂ, ਏਹੀ ਸਾਡਾ ਮਕਸਦ ਹੈ। ਆਪਣੇ ਆਪ ਨੂੰ ਭੁੱਲ ਕੇ ਖੁਆਰ ਹੋਏ ਫਿਰਦੇ ਹਾਂ, ਹੁਣ ਨਹੀਂ ਤਾਂ ਹੋਰ ਕੁਝ ਜਨਮਾਂ ਵਿੱਚ ਖੁਦ ਦਾ ਗਿਆਨ ਤਾਂ ਹੋ ਹੀ ਜਾਣਾ। ਕਿਉਕਿ

ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ।।

ਲੇਖਕ ਦਾ ਕੰਮ ਤਾਂ ਬੱਸ ਜਾਗ ਲਾਉਣਾ ਹੀ ਹੈ, ਅੱਗੇ ਤੁਹਾਡੀ ਮਿਹਨਤ । ਇਹ ਤੁਹਾਡੀ ਖੇਤੀ, ਜੋ ਬੀਜੋਗੇ ਓਹੀ ਵੱਢੋਗੇ।


-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...