22 October, 2018

ਸਿੱਖ, ਖਾਲਸਾ ਅਤੇ ਖਾਲਸਾ ਫੌਜ ਵਿੱਚ ਮੁੱਢਲਾ ਫਰਕ। Sikh, Khalsa and Khalsa Fauj.

Logical Reasoning, GurParsad, Gurmat, SatGur


  ਸਿੱਖ, ਖਾਲਸਾ ਅਤੇ ਖਾਲਸਾ ਫੌਜ ਵਿੱਚ ਮੁੱਢਲਾ ਫਰਕ। Sikh, Khalsa and Khalsa Fauj.


 ਸਿੱਖ, ਖਾਲਸਾ ਅਤੇ ਖਾਲਸਾ ਫੌਜ ਵਿੱਚ ਮੁੱਢਲਾ ਫਰਕ। Sikh, Khalsa and Khalsa Fauj.


ਆਮ ਆਦਮੀ ਜੋ ਧਰਮ ਨੂੰ ਸਿਰਫ ਇਕ ਫਰਜ ਜਿਹਾ ਹੀ ਸਮਝਦੇ ਹਨ ਤੇ ਆਪਣੇ ਪਰਿਵਾਰ ਪਾਲਣ ਤੱਕ ਹੀ ਸੀਮਤ ਹਨ, ਓਹਨਾ ਨੂੰ ਧਰਮ ਬਾਰੇ ਓਨਾ ਹੀ ਪਤਾ ਹੈ ਜਿਨ੍ਹਾਂ ਕੁ ਅਰਧ ਗਿਆਨ ਵਾਲੇ ਪ੍ਰਚਾਰਕ ਦਸਦੇ ਹਨ। ਪਰ ਜੇਕਰ ਧਰਮ ਦਾ ਡੂੰਘਾਈ ਨਾਲ ਅਧਿਐਨ ਕਰੀਏ (ਵਿਵੇਕ ਨਾਲ ਵਿਚਾਰੀਏ) ਫਿਰ ਸਮਝ ਆਉਂਦੀ ਹੈ ਕਿ ਧਰਮ ਅਸਲ ਵਿਚ ਕੀ ਹੈ। ਆਓ ਵਿਚਾਰੀਏ ਤੇ ਜਾਣੀਏ ਕਿ ਸਿੱਖ, ਖਾਲਸਾ ਤੇ ਖਾਲਸਾ ਫੌਜ ਵਿਚ ਕੀ ਫਰਕ ਹੁੰਦਾ ਹੈ। 

ਸਿੱਖ ਇਕ ਵਿਚਾਰਧਾਰਾ ਦਾ ਨਾਮ ਹੈ। ਇਹ ਤਾਂ ਜਿੰਦਗੀ ਜਿਉਣ ਦਾ ਇਕ ਤਰੀਕਾ ਹੈ। ਇਹ ਕੋਈ ਕੌਮ ਨਹੀਂ ਹੈ। ਸਿੱਖ ਦਾ ਮਤਲਵ ਹੁੰਦਾ ਹੈ ਸਿੱਖਣ ਵਾਲਾ। ਦੁਨੀਆ ਵਿਚ ਚਾਹੇ ਸਿੱਖੀ ਦਾ ਜੋ ਵੀ ਰੂਪ ਪ੍ਰਚਲਿੱਤ ਹੋਵੇ ਪਰ ਅਸਲ ਵਿਚ ਸਿੱਖ ਓਹੀ ਹੁੰਦਾ ਹੈ ਜੋ ਸਤਿਗੁਰ ਦੀ ਸਿਖਿਆ ਤੇ ਚਲਦਾ ਹੈ। 


ਸਿੱਖ ਤਾਂ ਸਤਿਗੁਰ ਦੇ ਬਣਨਾ ਹੈ। ਸਤਿਗੁਰ ਹੁੰਦਾ ਸਤਿ ਨੂੰ ਸਿੱਖਣ ਦਾ ਗੁਰ, ਅਤੇ ਗੁਰ ਹੁੰਦਾ ਹੈ ਨੁਕਤਾ, ਵਿਧੀ ਜਾਂ ਢੰਗ ਕਿਸੇ ਵੀ ਚੀਜ ਨੂੰ ਸਿੱਖਣ ਦਾ | ਸਿਖਿਆ ਦਾ ਸਿੱਖ ਹੁੰਦਾ ਹੈ ਨਾ ਕਿ ਕਿਸੇ ਬੰਦੇ ਦਾ ਸਿੱਖ । ਸਿੱਖ ਦਾ ਕੋਈ ਭੇਖ ਨਹੀਂ ਹੁੰਦਾ, ਕਿਉਕਿ ਸਿੱਖ ਸਿਖਿਆ ਨਾਲ ਬਣਦਾ ਹੈ ਕੋਈ ਵੀ। 

ਇਹ ਤਾਂ ਆਤਮਿਕ ਪੱਧਰ ਦਾ ਨਾਮ ਹੈ। ਸਿੱਖ ਉਸਦੀ ਸਿਖਿਆ ਤੋਂ ਪਛਾਣਿਆ ਜਾਂਦਾ ਹੈ ਨਾ ਕਿ ਉਸਦੀ ਦਿੱਖ ਤੋਂ। ਦਿੱਖ ਵਾਲੇ ਸਿੱਖ ਪੁਜਾਰੀਆਂ ਤੇ ਅਰਧ ਗਿਆਨ ਵਾਲੇ ਪ੍ਰਚਾਰਕਾਂ ਨੇ ਪੈਦਾ ਕੀਤੇ ਹੋਏ ਹਨ। ਇਸ ਲਈ ਸਿੱਖ ਲਈ ਦਾੜ੍ਹੀ ਕੇਸ ਰੱਖਣੇ ਜਰੂਰੀ ਨਹੀਂ ਹਨ। 

--------

ਖਾਲਸਾ ਸ਼ਬਦ ਖਾਲਸ ਤੋਂ ਬਣਿਆ ਹੈ ਜਿਸਦਾ ਅਰਥ ਹੁੰਦਾ ਹੈ ਪਵਿੱਤਰ। ਖਾਲਸਾ ਸ਼ਬਦ ਸਭ ਤੋਂ ਪਹਿਲਾਂ ਕਬੀਰ ਜੀ ਨੇ ਵਰਤਿਆ ਹੋਇਆ ਹੈ ਤੇ ਓਹਨਾ ਨੇ ਹੀ ਇਸਦੀ ਪਰਿਭਾਸ਼ਾ ਦਿੱਤੀ ਹੈ ਜੋ ਕਿ 'ਆਦਿ ਗ੍ਰੰਥ ਸਾਹਿਬ' ਵਿਚ ਦਰਜ ਹੈ। 


ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥ (ਆਦਿ ਗ੍ਰੰਥ Page 654)
ਉਹ ਲਿਖਦੇ ਹਨ ਕਿ ਉਹ ਵਿਅਕਤੀ ਖਾਲਸਾ ਹੋ ਜਾਂਦਾ ਹੈ ਜਿਸਨੇ ਆਪਣੇ ਆਪ ਨੂੰ ਪਛਾਣ ਕੇ ਆਪਣੇ ਉਸ ਅਸਲੀ ਰੂਪ ਨਾਲ ਮਿਲਣਾ ਜਾਣ ਲਿਆਂ ਹੈ। ਇਹੀ ਅਸਲੀ ਭਗਤੀ ਹੁੰਦੀ ਹੈ। 

ਖਾਲਸਾ ਸਿੱਖ ਤੋਂ ਇਸ ਗੱਲੋਂ ਭਿੰਨ ਹੈ ਕਿ, ਸਿੱਖ ਉਹ ਹੈ ਜੋ ਸਤਿਗੁਰ ਤੋਂ ਸਿਖਿਆ ਲੈ ਰਿਹਾ ਹੋਵੇ ਤੇ ਖਾਲਸਾ ਉਹ ਜਿਸਨੇ ਆਪਣੇ ਆਪ ਨੂੰ ਪਛਾਣ ਕੇ ਆਪਣੇ ਉਸ ਅਸਲੀ ਰੂਪ ਨਾਲ ਮਿਲਣਾ ਜਾਣ ਲਿਆਂ ਹੈ। ਖਾਲਸਾ ਪਰਮੇਸ਼ਰ ਦਾ ਰੂਪ ਹੁੰਦਾ ਹੈ ਤੇ ਉਸਦੀ ਪਧਵੀ ਸਿੱਖ ਤੋਂ ਉਪਰ ਹੈ। 
--------


ਖਾਲਸਾ ਫੌਜ ਦੀ ਸਥਾਪਨਾ ਦਸਮ ਪਾਤਸ਼ਾਹ ਨੇ ਕੀਤੀ ਸੀ 1699 ਵਿਚ। 


ਜੋ ਆਪ ਖਾਲਸਾ ਹੋ ਗਿਆ ਉਸਨੇ ਹੁਣ ਪਰਮੇਸ਼ਰ ਦਾ ਕੰਮ ਕਰਨਾ ਹੁੰਦਾ ਹੈ। ਇਸ ਦੁਨੀਆ ਤੇ ਸੱਚ ਦਾ ਪ੍ਰਚਾਰ ਕਰਨਾ ਹੁੰਦਾ ਹੈ। ਇਹੀ ਖਾਲਸਾ ਫੌਜ ਬਣਾਉਣ ਦਾ ਅਰਥ ਹੈ ਤੇ ਕੰਮ ਹੈ। 

ਇਸ ਪ੍ਰਚਾਰ ਦੌਰਾਨ ਜੋ ਦੂਜੇ ਪ੍ਰਚਾਰਕ ਹੁੰਦੇ ਹਨ ਓਹਨਾ ਦਾ ਹੰਕਾਰ ਟੁੱਟਦਾ ਹੈ ਤੇ ਫਿਰ ਉਹ ਸੱਚ ਦਾ ਪ੍ਰਚਾਰ ਕਰਨ ਵਾਲੇ ਤੇ ਹਮਲਾ ਵੀ ਕਰਦੇ ਹਨ। ਉਹਨਾਂ ਹਮਲਿਆਂ ਤੋਂ ਬਚਨ ਲਈ ਹਥਿਆਰ ਤੇ ਵਰਦੀ ਦੀ ਲੋੜ ਪੈਂਦੀ ਹੈ। ਇਸੇ ਕਾਰਨ ਕਰਕੇ ਦਸਮ ਪਾਤਸ਼ਾਹ ਨੇ ਖਾਲਸਾ ਫੌਜ ਤਿਆਰ ਕੀਤੀ ਤੇ ਉਸਨੂੰ ਵਰਦੀ ਵੀ ਦਿੱਤੀ ਜੋ ਉਸ ਸਮੇਂ ਸਿਫ਼ਰ ਰਾਜਾ ਜਾਂ ਫਿਰ ਓਹਦੀ ਫੌਜ ਹੀ ਪਾ ਸਕਦੀ ਸੀ। 

ਖਾਲਸਾ ਫੌਜ ਨੂੰ ਉਸ ਸਮੇਂ ਦੇ ਅਨੁਕੂਲ ਹੀ ਫੌਜ ਦਾ ਭੇਖ ਹੁੰਦਾ ਹੈ। ਪਰ ਇਸ ਫੌਜ ਦਾ ਇਕ ਕੰਮ ਵੀ ਹੁੰਦਾ ਹੈ ਕਿ ਇਹ ਸੱਚ ਦਾ ਪ੍ਰਚਾਰ ਕਰਦੀ ਹੈ, ਬਿਨਾ ਕਿਸੇ ਡਰ ਤੋਂ ਤੇ ਕਿਸੇ ਵੀ ਹਮਲੇ ਤੋਂ defence ਲਈ ਹਥਿਆਰ ਵੀ ਚੱਕਦੀ ਹੈ। 

ਖਾਲਸੇ ਫੌਜ ਨੂੰ ਵਰਦੀ ਪਾਉਣ ਦੀ ਲੋੜ ਉਸ ਸਮੇ ਸੀ ਕਿਉਕਿ ਓਦੋ ਰਾਜੇ ਦਾ ਰਾਜ ਹੁੰਦਾ ਸੀ। ਪਰ ਅਜੇ ਲੋਕਤੰਤਰ ਹੋਣ ਕਰਕੇ ਉਸਦੀ ਵੀ ਜਰੂਰਤ ਨਹੀਂ ਪੈਂਦੀ। ਜੇਕਰ ਜਰੂਰਤ ਪੈਂਦੀ ਵੀ ਹੈ ਤਾਂ ਉਹ ਵਰਦੀ ਅੱਜ ਕੋਈ ਹੋਰ ਹੋ ਸਕਦੀ ਹੈ। 

ਉਦਾਹਰਣ ਦੇ ਤੌਰ ਤੇ ਅੱਜ ਦੇ ਸਮੇ ਵਿਚ defence ਲਈ ਹਥਿਆਰ ਦੀ ਥਾਂ ਸਵਿਧਾਨ ਦੀ ਕਿਤਾਬ ਹੀ ਹਥਿਆਰ ਹੋ ਸਕਦੀ ਹੈ। ਜੇਕਰ ਕਿਸੇ ਹਥਿਆਰ ਦੀ ਜਰੂਰਤ ਪੈਂਦੀ ਵੀ ਹੈ ਤਾਂ ਫਿਰ ਉਹ ਅੱਜ ਦੇ ਸਮੇ ਦੇ ਹਥਿਆਰ ਹੋਣਗੇ। 

ਸੁਣਨ ਨੂੰ ਪਹਿਲਾਂ ਇਹ ਗੱਲਾਂ ਭਾਰੀ ਲੱਗ ਸਕਦੀਆਂ ਹਨ ਪਰ ਸੱਚ ਸੰਤੋਖ ਨਾਲ ਵਿਚਾਰ ਕੇ ਦੇਖਿਓ ਸੱਚ ਇਹੀ ਹੈ। 

---------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...